ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਲਈ ਦਾਖ਼ਲਾ ਪ੍ਰਕਿਰਿਆ ਵਿੱਚ ਤਬਦੀਲੀਆਂ ਬਾਰੇ ਚਰਚਾ ਕਰਨ ਖਾਤਰ ਮੰਗਲਵਾਰ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਮੀਟਿੰਗ ਕਰੇਗੀ। ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਅਗਲੇ ਅਕਾਦਮਿਕ ਸਾਲ ਤੋਂ ਦਾਖਲੇ ਸਿਰਫ਼ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ) ਦੇ ਸਕੋਰਾਂ ਦੇ ਆਧਾਰ ‘ਤੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੀਯੂਈਟੀ ਲਾਗੂ ਹੋਣ ਨਾਲ ਡੀਯੂ ਦਾਖਲੇ ਦੀ ਪੁਰਾਣੀ ਪ੍ਰਣਾਲੀ ਨੂੰ ਖਤਮ ਕਰ ਦੇਵੇਗੀ, ਜਿਸ ਦੇ ਤਹਿਤ ਯੂਨੀਵਰਸਿਟੀ 12ਵੀਂ ਜਮਾਤ ਦੇ ਨਤੀਜਿਆਂ ਦੇ ਆਧਾਰ ‘ਤੇ ਕੱਟ-ਆਫ ਦਾ ਐਲਾਨ ਕਰਦੀ ਸੀ। ਜਾਣਕਾਰੀ ਅਨੁਸਾਰ ਸੀਯੂਈਟੀ ਵਿੱਚ ਸ਼ਾਮਲ ਹੋਣ ਲਈ, 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਘੱਟੋ-ਘੱਟ ਪਾਸਿੰਗ ਅੰਕ ਪ੍ਰਾਪਤ ਕਰਨੇ ਪੈਣਗੇ। ਇਸ ਸਬੰਧੀ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਕਿਹਾ ਕਿ ਇਸ ਦੇ ਮੈਂਬਰ ਐਡਹਾਕ ਅਤੇ ਅਸਥਾਈ ਅਧਿਆਪਕਾਂ ਲਈ ਇੱਕ ਵਾਰ ਦੇ ਨਿਯਮ ਦੀ ਮੰਗ ਕਰਨ ਲਈ ਮੰਗਲਵਾਰ ਨੂੰ ਕਲਾਸਾਂ ਦਾ ਬਾਈਕਾਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵਾਸੇ ਰੁਜ਼ਗਾਰ ਮੁਖੀ ਕੋਰਸਾਂ ਲਈ ਕੇਂਦਰ ਸਥਾਪਤ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਦੀ ਸੰਭਾਵਨਾ ਹੈ। ਕੈਂਪਸ ਆਫ ਓਪਨ ਲਰਨਿੰਗ ਦੇ ਡਾਇਰੈਕਟਰ ਪਾਇਲ ਮਾਗੋ ਨੇ ਕਿਹਾ ਕਿ ਇਸ ਕੇਂਦਰ ਵਿੱਚ ਇੱਕ ਮੀਡੀਆ ਸੈਂਟਰ ਹੋਵੇਗਾ ਤੇ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਅਨੁਭਵੀ ਸਿਖਲਾਈ ਕੋਰਸ ਮੁਹੱਈਆ ਕਰਵਾਏਗਾ।
ਸਕੂਲ ਆਫ਼ ਓਪਨ ਲਰਨਿੰਗ ਦੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ, ਇਹ ਹੁਨਰ-ਅਧਾਰਿਤ ਕੋਰਸ ਅਤੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।