ਨਵੀਂ ਦਿੱਲੀ, 13 ਨਵੰਬਰ
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣ ਦੇ ਨਤੀਜੇ 21 ਨਵੰਬਰ ਨੂੰ ਘੋਸ਼ਿਤ ਕੀਤੇ ਜਾਣਗੇ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਚੋਣਾਂ 27 ਸਤੰਬਰ ਨੂੰ ਹੋਈਆਂ ਸਨ। ਨਤੀਜੇ ਅਗਲੇ ਦਿਨ ਆਉਣੇ ਸਨ ਪਰ ਚੋਣਾਂ ਦੌਰਾਨ ਪ੍ਰਚਾਰ ਸਮੱਗਰੀ ਕਾਰਨ ਜਨਤਕ ਸਥਾਨ ਕਾਫ਼ੀ ਖਰਾਬ ਹੋ ਗਏ ਸਨ। ਇਸ ਕਾਰਨ ਦਿੱਲੀ ਹਾਈ ਕੋਰਟ ਨੇ ਚੋਣ ਨਤੀਜੇ ’ਤੇ ਰੋਕ ਲਾ ਦਿੱਤੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਪੈਨਲ ਅਤੇ ਕਾਲਜ ਪ੍ਰਤੀਨਿਧੀਆਂ ਲਈ ਵੋਟਾਂ ਦੀ ਗਿਣਤੀ 21 ਨਵੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਚੋਣ ਕਮਿਸ਼ਨ ਦੀ ਇੱਕ ਟੀਮ ਦੀ ਮੌਜੂਦਗੀ ਵਿੱਚ ਦਿੱਲੀ ਯੂਨੀਵਰਸਿਟੀ ਦੇ ਕਾਨਫਰੰਸ ਸੈਂਟਰ ਤੋਂ ਸ਼ੁਰੂ ਹੋਵੇਗੀ। ਹਾਈ ਕੋਰਟ ਨੇ ਕਿਹਾ ਸੀ ਕਿ ਪ੍ਰਚਾਰ ਵੇਲੇ ਖਰਾਬ ਕੀਤੇ ਗਏ ਜਨਤਕ ਥਾਵਾਂ ਨੂੰ ਜੇ ਠੀਕ ਕਰ ਲਿਆ ਗਿਆ ਹੈ ਤਾਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾ ਸਕਦੀ ਹੈ। -ਪੀਟੀਆਈ