ਨਵੀਂ ਦਿੱਲੀ, 3 ਜੁਲਾਈ
ਦਿੱਲੀ ਯੂਨੀਵਰਸਿਟੀ (ਡੀਯੂ) ਦੇ ਅਧਿਆਪਕਾਂ ਦੇ ਇੱਕ ਗਰੁੱਪ ਨੇ ਅੱਜ ਉਪ ਕੁਲਪਤੀ ਯੋਗੇਸ਼ ਸਿੰਘ ਨੂੰ ‘ਕੁਝ ਕਾਲਜਾਂ ਵਿੱਚ ਤਨਖਾਹ ਅਤੇ ਪੈਨਸ਼ਨ ਦੇ ਵਿਆਪਕ ਸੰਕਟ’ ਨੂੰ ਹੱਲ ਕਰਨ ਦੀ ਅਪੀਲ ਕੀਤੀ। ਉਪ ਕੁਲਪਤੀ ਨੂੰ ਲਿਖੇ ਪੱਤਰ ਵਿੱਚ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਕਾਰਜਕਾਰੀ ਕੌਂਸਲਾਂ ਦੇ ਮੈਂਬਰਾਂ ਸਮੇਤ ਡੀਯੂ ਦੇ 10 ਫੈਕਲਟੀ ਮੈਂਬਰਾਂ ਨੇ ਕਿਹਾ ਕਿ ਇਹ ਸੰਕਟ ਸਥਾਈ ਅਤੇ ਐਡਹਾਕ ਅਧਿਆਪਕਾਂ ਤੱਕ ਸੀਮਤ ਨਹੀਂ ਹੈ, ਸਗੋਂ ਕੁਝ ਕਾਲਜਾਂ ਵਿੱਚ ਗੈਸਟ ਟੀਚਰਾਂ ਨੂੰ ਵੀ ਪਿਛਲੇ ਪੰਜ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ। ਇਹ ਦੋਵੇਂ ਕੌਂਸਲਾਂ ਡੀਯੂ ਵਿੱਚ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਹਨ।
ਪੱਤਰ ਵਿੱਚ ਕਿਹਾ ਗਿਆ ਹੈ, “ਜੁਲਾਈ ਸ਼ੁਰੂ ਹੋਣ ਦੇ ਬਾਵਜੂਦ ਅਧਿਆਪਕ ਅਤੇ ਸਟਾਫ ਜੂਨ ਮਹੀਨੇ ਦੀਆਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ। ਕੁਝ ਮਾਮਲਿਆਂ ਵਿੱਚਇੱਕ ਮਹੀਨੇ ਤੋਂ ਵੱਧ ਦਾ ਬਕਾਇਆ ਪਿਆ ਹੈ।’’ ਉਨ੍ਹਾਂ ਕਿਹਾ, “ਕਈ ਕਾਲਜਾਂ ਵਿੱਚ ਤਨਖ਼ਾਹਾਂ ਦੀ ਅਦਾਇਗੀ ਵਿੱਚ ਇੱਕ ਹਫ਼ਤੇ ਦੀ ਦੇਰੀ ਆਮ ਹੋ ਗਈ ਹੈ, ਜਿਸ ਕਾਰਨ ਅਧਿਆਪਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਪਿਛਲੇ ਮਹੀਨੇ ਅਧਿਆਪਕਾਂ ਨੇ ‘ਡੀਨ ਆਫ ਕਾਲਜਿਜ਼’ ਬਲਰਾਮ ਨੂੰ ਪੱਤਰ ਲਿਖ ਕੇ ਦਿਆਲ ਸਿੰਘ ਕਾਲਜ ਅਤੇ ਗਾਰਗੀ ਕਾਲਜ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਐਡਹਾਕ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਦਾ ਮੁੱਦਾ ਉਠਾਇਆ ਸੀ। ਪੱਤਰ ਵਿੱਚ ਕਿਹਾ ਗਿਆ ਸੀ, “ਕਈ ਕਾਲਜਾਂ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸੇਵਾਮੁਕਤ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪੈਨਸ਼ਨ ਨਹੀਂ ਮਿਲੀ ਹੈ। ਕੁਝ ਮਾਮਲਿਆਂ ਵਿੱਚ ਮਹੀਨਾਵਾਰ ਪੈਨਸ਼ਨ ਦਾ ਅੰਸ਼ਕ ਭੁਗਤਾਨ ਕੀਤਾ ਗਿਆ ਹੈ।’’ -ਪੀਟੀਆਈ