ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਸੀਪੀਆਈ-ਐੱਮਐੱਲ ਦੇ ਵਿਦਿਆਰਥੀ ਵਿੰਗ ਏਆਈਐੱਸਏ (ਆਇਸਾ) ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਨੀਵਰਸਿਟੀ ਦੇ ਦੌਰੇ ਦੌਰਾਨ ਉਨ੍ਹਾਂ ਦੇ ਕਾਰਕੁਨਾਂ ਨੂੰ ਉਨ੍ਹਾਂ ਦੇ ਫਲੈਟਾਂ ਦੇ ਅੰਦਰ ‘ਬੰਦ’ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਏਆਈਐੱਸਏ ਦਿੱਲੀ ਦੇ ਪ੍ਰਧਾਨ ਅਭਿਗਿਆਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਦੇ ਦੌਰੇ ਦਾ ਕਾਰਨ ਦੱਸਦੇ ਹੋਏ, ਮੈਨੂੰ ਅਤੇ ਏਆਈਐੱਸਏ ਡੀਯੂ ਸਕੱਤਰ ਅੰਜਲੀ ਨੂੰ ਸਾਡੇ ਫਲੈਟ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਕੈਂਪਸ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਸਾਨੂੰ ਕੋਈ ਵਾਰੰਟ ਜਾਂ ਆਦੇਸ਼ ਨਹੀਂ ਦਿਖਾਇਆ ਗਿਆ ਹੈ ਅਤੇ ਸਾਨੂੰ ਨਹੀਂ ਪਤਾ ਕਿ ਉਹ ਕਦੋਂ ਤੱਕ ਇੱਥੇ ਰਹਿਣਗੇ।’’ ਅਭਿਗਿਆਨ ਨੇ ਆਪਣੇ ਫਲੈਟ ਦੇ ਬਾਹਰ ਬੈਠੇ ਪੁਲੀਸ ਵਰਦੀ ਵਿੱਚ ਬੈਠੇ ਲੋਕਾਂ ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਮੋਦੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦੀ ਪ੍ਰਧਾਨਗੀ ਕਰਨ ਲਈ ਦਿੱਲੀ ਯੂਨੀਵਰਸਿਟੀ ਦੇ ਦੌਰੇ ’ਤੇ ਸਨ। ਇਸ ਤੋਂ ਪਹਿਲਾਂ ‘ਆਇਸਾ’ ਨੇ ਟਵੀਟ ਕੀਤਾ ਕਿ ਦਿੱਲੀ ਦੇ ਪ੍ਰਧਾਨ ਅਭਿਗਿਆਨ ਤੇ ਸਕੱਤਰ ਅੰਜਲੀ ਨੂੰ ਉਨ੍ਹਾਂ ਦੇ ਫਲੈਟ ’ਤੇ ਨਜ਼ਰਬੰਦ ਕੀਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਕੈਂਪਸ ਆ ਰਹੇ ਹਨ। ਉਨ੍ਹਾਂ ਸਵਾਲ ਕੀਤਾ, ‘‘ਨਰਿੰਦਰ ਮੋਦੀ ਸਾਡੇ ਤੋਂ ਇੰਨਾ ਡਰਦੇ ਕਿਉਂ ਹਨ? ਪ੍ਰਧਾਨ ਮੰਤਰੀ ਨੂੰ ਜਵਾਬਦੇਹੀ ਤੋਂ ਬਚਾਉਣ ਲਈ ਪੂਰਾ ਕੈਂਪਸ ਪੁਲੀਸ ਛਾਉਣੀ ’ਚ ਤਬਦੀਲ! ਸ਼ਰਮ ਕਰੋ ਦਿੱਲੀ ਪੁਲੀਸ!’’ ਦੱਸਣਯੋਗ ਹੈ ਕਿ ਬੀਤੇ ਦਿਨ ਆਇਸਾ ਨੇ ਪੋਸਟਰ ਲਾ ਕੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛੇ ਸਨ।