ਨਵੀਂ ਦਿੱਲੀ: ਇਸ ਤਿਉਹਾਰੀ ਸੀਜ਼ਨ ਦੌਰਾਨ ਰਾਜਧਾਨੀ ਵਿੱਚ ਵਾਹਨਾਂ ਦੀ ਵਿਕਰੀ ਨੇ ਨਵਾਂ ਰਿਕਾਰਡ ਬਣਾਇਆ ਹੈ। ਦੀਵਾਲੀ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਕਰੀਬ 86,000 ਤੋਂ ਵੱਧ ਵਾਹਨ ਰਜਿਸਟਰਡ ਕੀਤੇ ਗਏ ਹਨ। ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ 30 ਅਕਤੂਬਰ ਤੱਕ ਟਰਾਂਸਪੋਰਟ ਵਿਭਾਗ ਵਿੱਚ 86,000 ਤੋਂ ਵੱਧ ਨਵੇਂ ਵਾਹਨ ਰਜਿਸਟਰਡ ਕੀਤੇ ਗਏ ਹਨ। ਇਸ ਨਾਲ ਮੋਟਰ ਵਾਹਨ ਕਰ ਵਜੋਂ 366 ਕਰੋੜ ਰੁਪਏ ਸਰਕਾਰ ਨੂੰ ਆਮਦਨ ਵਜੋਂ ਪ੍ਰਾਪਤ ਹੋਏ ਹਨ। ਵੀਰਵਾਰ ਨੂੰ ਦੀਵਾਲੀ ਤੋਂ ਪਹਿਲਾਂ ਤੱਕ ਅਕਤੂਬਰ ਵਿੱਚ ਕਾਰ ਅਤੇ ਯੂਐੱਸਯੂਵੀ ਸਣੇ ਵੇਚੇ ਗਏ ਹਲਕੇ ਵਾਹਨਾਂ ਦੀ ਸੰਖਿਆ 22,000 ਤੋਂ ਵੱਧ ਰਹੀ। ਬਾਕੀ ਲਗਪਗ 56,000 ਵਾਹਨ ਦੋਪਹੀਆ ਸਨ। ਅਧਿਕਾਰੀਆਂ ਨੇ ਦੱਸਿਆ ਕਿ 2023 ਨਵੰਬਰ ਵਿੱਚ ਤਿਉਹਾਰੀ ਮਹੀਨੇ ਵਿੱਚ 80,854 ਨਵੇਂ ਵਾਹਨ ਰਜਿਸਟਰਡ ਕੀਤੇ ਗਏ ਸਨ। -ਪੀਟੀਆਈ