ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਗਸਤ
ਟਿਕਰੀ ਬਾਰਡਰ ’ਤੇ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਦੌਰਾਨ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਰਗੜੇ ਲਾਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ 1991- 92 ਵਿੱਚ ਜਦੋਂ ਭਾਰਤ ਦੇ ਵਿਚ ਨਰਸਿਮ੍ਹਾ ਰਾਓ ਦੀ ਸਰਕਾਰ ਸੀ ਉਦੋਂ ਇਹ ਲੋਕ ਵਿਰੋਧੀ ਨੀਤੀਆਂ ਦਾ ਖਰੜਾ ਤਿਆਰ ਕੀਤਾ ਗਿਆ । ਉਸ ਤੋਂ ਬਾਅਦ ਲਗਾਤਾਰ ਦਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਹੇ ਜਿਸ ਨੇ ਭਾਰਤ ਦੇ ਸਭ ਤੋਂ ਵੱਧ ਜਮੂਹਰੀਅਤ ਕਹਾਉਣ ਵਾਲੇ ਦੇਸ ਵਿੱਚ ਕਿਸੇ ਵੀ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਨਹੀਂ ਲੜੀ। ਇਸ ਦੇ ਬਾਵਜੂਦ ਵੀ ਦਸ ਸਾਲ ਭਾਰਤ ਦੀ ਰਾਜ ਸੱਤਾ ’ਤੇ ਕਾਬਜ਼ ਰਹੇ । ਉਨ੍ਹਾਂ ਵਲੋਂ ਵੀ ਇਹ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਹੁੰਦੀ ਰਹੀ। 2014 ਵਿੱਚ ਭਾਜਪਾ ਵੱਲੋਂ ਪੰਜਾਬ ਦੀ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਤਲੀ ਲੋਕ ਸਭਾ ਮੈਂਬਰ ਲਈ ਚੋਣ ਲੜੀ ਗਈ ਸੀ ਪਰ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਨਾ ਮਿਲਣ ਕਰਕੇ ਚੋਣ ਹਾਰ ਗਏ ਸੀ। ਇਸ ਦੇ ਬਾਵਜੂਦ ਵੀ ਉਸ ਨੂੰ ਭਾਰਤ ਦਾ ਖ਼ਜ਼ਾਨਾ ਮੰਤਰੀ ਬਣਾਇਆ ਗਿਆ।
ਇਸ ਦਾ ਤੱਥ ਸਾਰ ਇਹ ਬਣਦਾ ਹੈ ਕਿ ਸਿਰਫ ਵੋਟਾਂ ਨਾਲ ਨਹੀਂ ਪਾਰਲੀਮੈਂਟ ਵਿੱਚ ਜਾਣ ਲਈ ਸੰਵਿਧਾਨ ਵਿੱਚ ਰੱਖੀਆਂ ਹੋਰ ਚੋਰ ਮੋਰੀਆਂ ਨਾਲ ਵੀ ਸਾਮਰਾਜੀ ਤਾਕਤਾਂ ਆਪਣੇ ਮਨਪਸੰਦ ਵਿਅਕਤੀਆਂ ਨੂੰ ਰਾਜਸੱਤਾ ’ਤੇ ਕਾਬਜ਼ ਕਰਦੀਆਂ ਹਨ ਤਾਂ ਜੋ ਉਨ੍ਹਾਂ ਤੋਂ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਜਾਣ ਵਾਲੀਆਂ ਨੀਤੀਆਂ ਬਣਵਾਈਆਂ ਜਾਣ। ਉਨ੍ਹਾਂ ਕਿਹਾ ਕਿ ਪਹਿਲਾਂ ਨੋਟ ਨੋਟਬੰਦੀ ਕੀਤੀ ,ਫਿਰ ਜੀਐੱਸਟੀ ਕਾਨੂੰਨ ਬਣਾਇਆ, ਫਿਰ ਜੰਮੂ ਕਸ਼ਮੀਰ ਦੀ ਧਾਰਾ 370 ਅਤੇ 35ਏ ਦੀ ਧਾਰਾ ਤੋੜੀ ਗਈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਫਿਰ ਕਰੋਨਾ ਦੀ ਆੜ ਵਿੱਚ ਕਿਰਤ ਕਾਨੂੰਨ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆਂਦੇ।
ਹਰਿਆਣਾ ਤੋਂ ਕਾਂਵੜ ਲੈ ਕੇ ਆਏ ਨੌਜਵਾਨਾਂ ਦਾ ਸਵਾਗਤ
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਸਿੱਧੂਪੁਰ ਦੇ ਆਗੂ ਅਮਨਦੀਪ ਸਿੰਘ ਜੈਮਲਵਾਲਾ ਦੀ ਪ੍ਰਧਾਨਗੀ ਹੇਠ ਹੋਈ। ਹਰਿਆਣੇ ਦੇ ਨੌਂਜਵਾਨ ਕਾਂਵੜ ਯਾਤਰਾ ਲੈ ਕੇ ਟਿਕਰੀ ਬਾਡਰ ਦਿੱਲੀ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚੇ। ਟਿਕਰੀ ਕਮੇਟੀ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਪਹੁੰਚੇ ਜਥਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਬਹੁਤ ਸਾਰੀਆਂ ਖੇਤੀ ਜਿਣਸਾਂ ਲਈ ਕੋਈ ਵੀ ਘੱਟੋ ਘੱਟ ਸਮਰਥਨ ਮੁੱਲ ਨਹੀਂ ਐਲਾਨਿਆ ਜਾਂਦਾ ਜਦ ਕਿ ਐਲਾਨੀ ਗਈ ਐੱਮਐੱਸਪੀ ਹਰੇਕ ਕਿਸਾਨ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗਰੰਟੀ ਕਰਨ ਦਾ ਪ੍ਰਬੰਧ ਬਿਨਾਂ ਅਰਥਹੀਣ ਹੈ। ਹਰਿਆਣਾ ਦੇ ਆਗੂ ਰਵੀ ਆਜ਼ਾਦ ਨੇ ਕਿਹਾ ਕਿਸਾਨਾਂ ਨੇ ਲਗਾਤਾਰ ਆਪਣੀ ਸੰਸਦ ਚਲਾ ਕੇ ਸਰਕਾਰ ਨੂੰ ਸੰਕੇਤਕ ਤੌਰ ’ਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸੰਜਮ ਤੇ ਨੇਮ ਵਿਚ ਰਹਿੰਦਿਆਂ ਕਿਸਾਨੀ ਮੁੱਦਿਆਂ ’ਤੇ ਚਰਚਾ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਸਾਨ ਸਾਂਸਦਾਂ ਦਾ 12ਵਾਂ ਜੱਥਾ ਜੰਤਰ ਮੰਤਰ ਰੋਡ ਲਈ ਰਵਾਨਾ ਕੀਤਾ। ਪੰਨੂ ਨੇ ਜਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨ ਸੰਸਦ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰ ਚੁੱਕੀ ਹੈ। ਹੁਣ ਕਿਸਾਨ ਸੰਸਦ ਬੀਜੇਪੀ ਸਰਕਾਰ ਦੇ ਖਿਲਾਫ ਆਪਣੀ ਸੰਸਦ ਵਿੱਚ ਬੇਭਰੋਸਗੀ ਦਾ ਮਤਾ ਪਾਸ ਕਰਕੇ ਬੀਜੇਪੀ ਨੂੰ ਗੱਦੀ ਤੋਂ ਲਾਂਭੇ ਕਰੇਗੀ।