ਨਵੀਂ ਦਿੱਲੀ, 8 ਨਵੰਬਰ
ਕੇਂਦਰੀ ਜਾਂਚ ਬਿਊਰੋ ਨੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀਯੂਐੱਸਆਈਬੀ) ਦੇ ਅਧਿਕਾਰੀ ਵਿਜੇ ਮੱਗੋ ਤੇ ਇੱਕ ਵਿਚੋਲੇ ਨੂੰ ਇੱਥੇ ਇੱਕ ਕਾਰੋਬਾਰੀ ਦੀਆਂ ਦੋ ਦੁਕਾਨਾਂ ਦੀ ਸੀਲ ਖੋਲ੍ਹਣ ਲਈ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਮੁਲਜ਼ਮ ਦੇ ਕਈ ਟਿਕਾਣਿਆਂ ਦੀ ਤਲਾਸ਼ੀ ਲਈ, ਜਿਸ ਦੌਰਾਨ 3.79 ਕਰੋੜ ਰੁਪਏ ਦੀ ਨਕਦੀ ਸਣੇ ਅਪਰਾਧਿਕ ਦਸਤਾਵੇਜ਼ ਬਰਾਮਦ ਹੋਏ ਹਨ। ਸੀਬੀਆਈ ਦੇ ਬੁਲਾਰੇ ਅਨੁਸਾਰ ਇਹ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਅਧਿਕਾਰੀ ਨੇ ਸ਼ਿਕਾਇਤਕਰਤਾ ਤੋਂ ਉਸ ਦੀਆਂ ਦੋ ਦੁਕਾਨਾਂ ਦੀ ਸੀਲ ਖੁੱਲ੍ਹਵਾਉਣ ਅਤੇ ਉਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ 40 ਲੱਖ ਰੁਪਏ ਰਿਸ਼ਵਤ ਮੰਗੀ ਸੀ। ਕਾਰੋਬਾਰੀ ਦੀ ਸ਼ਿਕਾਇਤ ’ਤੇ ਜਾਂਚ ਏਜੰਸੀ ਨੇ ਅੱਜ ਜਾਲ ਵਿਛਾ ਕੇ ਮੁਲਜ਼ਮ ਨੂੰ ਕਥਿਤ ਤੌਰ ’ਤੇ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ