ਪੱਤਰ ਪ੍ਰੇਰਕ
ਨਵੀਂ ਦਿੱਲੀ 28 ਫਰਵਰੀ
ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਵੱਲੋਂ 26 ਫਰਵਰੀ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਮਗਰੋਂ ਕੈਟ ਆਪਣੇ ਅੰਦੋਲਨ ਦੇ ਅਗਲੇ ਪੜਾਅ ਵਿਚ 5 ਮਾਰਚ ਤੋਂ 5 ਅਪਰੈਲ ਤੱਕ ਦੇਸ਼ ਦੇ ਸਾਰੇ ਰਾਜਾਂ ਨੂੰ ਆਪਣੇ ਨਾਲ ਲੈ ਕੇ ਚੱਲੇਗੀ। ਜਾਣਕਾਰੀ ਮੁਤਾਬਿਕ ਜੀਐੱਸਟੀ ਦੇ ਮੁੱਦੇ ’ਤੇ ਈ-ਕਾਮਰਸ ਨੇ ਇਕ ਵਿਸ਼ਾਲ ਹਮਲਾਵਰ ਕੌਮੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੈਟ ਨੇ ਕਿਹਾ ਕਿ ਇਹ ਦੋਵੇਂ ਮੁੱਦੇ ਸਿੱਧੇ ਤੌਰ ‘ਤੇ ਦੇਸ਼ ਦੇ 8 ਕਰੋੜ ਵਪਾਰੀਆਂ ਨਾਲ ਜੁੜੇ ਹੋਏ ਹਨ ਤੇ ਜਦੋਂ ਤੱਕ ਇਨ੍ਹਾਂ ਦੋਵਾਂ ਮੁੱਦਿਆਂ ਦਾ ਹੱਲ ਨਹੀਂ ਹੋ ਜਾਂਦਾ ਵਪਾਰੀਆਂ ਦੀ ਇਹ ਲਹਿਰ ਦੇਸ਼ ਭਰ ਵਿੱਚ ਜਾਰੀ ਰਹੇਗੀ। ਇਸ ਸਮੇਂ ਦੇਸ਼ ਭਰ ਦੇ ਵਪਾਰੀ ਜੀਐਸਟੀ ਦੇ ਪ੍ਰਬੰਧਾਂ ਤੇ ਈ-ਕਾਮਰਸ ਵਿਚ ਵਿਦੇਸ਼ੀ ਕੰਪਨੀਆਂ ਦੀ ਨਿਰੰਤਰ ਮਨਮਾਨੀ ਨਾਲ ਬੁਰੀ ਤਰ੍ਹਾਂ ਦੁੱਖੀ ਹਨ ਤੇ ਹੁਣ ਜਾਂ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਜਾਂ ਫਿਰ ਉਹ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਗੇ।
ਕੈਟ ਦੇ ਪ੍ਰਧਾਨ ਬੀ.ਸੀ.ਭਾਰਟੀਆ ਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਅੱਜ ਹੋਈ ਇੱਕ ਵੀਡੀਓ ਕਾਨਫ਼ਰੰਸ ਵਿੱਚ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 275 ਤੋਂ ਵੱਧ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ ਤੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਅਗਲੇ ਪੜਾਅ ਵਿੱਚ ਕੇਂਦਰ ਸਰਕਾਰ ਨੂੰ ਸਿੱਧਾ ਪ੍ਰਸ਼ਨ ਕੀਤਾ ਜਾਵੇਗਾ ਕਿ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀਆਂ। ਕੈਟ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰਾਂ ਨੇ ਆਪਣੇ ਹਿੱਤਾਂ ਕਾਰਨ ਜੀਐਸਟੀ ਦੇ ਬਹੁਤ ਸਧਾਰਨ ਕਾਨੂੰਨਾਂ ਤੇ ਨਿਯਮਾਂ ਨੂੰ ਭੰਗ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।