ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਸਿੱਖਿਆ ਬਹੁਤ ਜ਼ਰੂਰੀ ਹੈ। ਕੇਜਰੀਵਾਲ ਨੇ ਤਿਆਗਰਾਜ ਸਟੇਡੀਅਮ ਵਿੱਚ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਐਨਈਈਟੀ) ਅਤੇ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਹਰ ਬੱਚੇ ਨੂੰ ਬਰਾਬਰ ਅਤੇ ਮਿਆਰੀ ਸਿੱਖਿਆ ਨਹੀਂ ਮਿਲਦੀ, ਉਦੋਂ ਤੱਕ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਕੇਜਰੀਵਾਲ ਨੇ ਕਿਹਾ, “ਇਹ ਸਟੇਡੀਅਮ ਅੱਜ ਸਫਲ ਵਿਦਿਆਰਥੀਆਂ ਨਾਲ ਭਰਿਆ ਹੋਇਆ ਹੈ ਕਿਉਂਕਿ ਇਸ ਸਾਲ 1,391 ਵਿਦਿਆਰਥੀਆਂ ਨੇ ਨੀਟ ਲਈ ਕੁਆਲੀਫਾਈ ਕੀਤਾ ਹੈ ਜਦੋਂ ਕਿ 730 ਵਿਦਿਆਰਥੀਆਂ ਨੇ ਜੇਈਈ-ਮੇਨਜ਼ ਅਤੇ 106 ਵਿਦਿਆਰਥੀਆਂ ਨੇ ਜੇਈਈ-ਐਡਵਾਂਸਡ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੋ ਸਾਲ ਪਹਿਲਾਂ 64 ਵਿਦਿਆਰਥੀਆਂ ਨੇ ਜੇਈਈ-ਐਡਵਾਂਸਡ, 384 ਵਿਦਿਆਰਥੀਆਂ ਨੇ ਜੇਈਈ-ਮੇਨਜ਼ ਅਤੇ 496 ਵਿਦਿਆਰਥੀਆਂ ਨੇ ਨੀਟ ਵਿੱਚ ਸਫਲਤਾ ਹਾਸਲ ਕੀਤੀ ਸੀ।’’ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਿੱਖਿਆ ਜ਼ਰੂਰੀ ਹੈ।