ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਵਿਦੇਸ਼ ਮੰਤਰਾਲੇ ਦੇ ਸਾਬਕਾ 94 ਸਾਲਾਂ ਦੇ ਅਧਿਕਾਰੀ ਤੇ ਉਸ ਦੀ 88 ਸਾਲਾਂ ਦੀ ਪਤਨੀ ਉੱਪਰ ਲੁੱਟਖੋਹ ਦੀ ਵਾਰਦਾਤ ਦੌਰਾਨ ਕਥਿਤ ਹਮਲਾ ਕੀਤਾ ਗਿਆ, ਇਸ ਦੌਰਾਨ ਕਾਂਤਾ ਚਾਵਲਾ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕਾਂਤਾ ਚਾਵਲਾ ਆਪਣੇ ਪਤੀ ਬੀਆਰ ਚਾਵਲਾ ਨਾਲ ਦਿੱਲੀ ਦੇ ਸਫ਼ਦਰਜੰਗ ਇਨਕਲੇਵ ਵਿਚ ਰਹਿੰਦੀ ਸੀ। ਉਨ੍ਹਾਂ ਦੇ ਦੋ ਬੱਚਿਆਂ ਦੀ ਕੁੱਝ ਸਾਲ ਪਹਿਲਾਂ ਮੌਤ ਹੋਣ ਕਰ ਕੇ ਉਹ ਇਕੱਲੇ ਹੀ ਰਹਿੰਦੇ ਸਨ। ਬੀਤੀ ਰਾਤ 9 ਵਜੇ ਦੇ ਕਰੀਬ ਇਹ ਵਾਰਦਾਤ ਉਦੋਂ ਹੋਈ ਜਦੋਂ ਨਵਾਂ ਰੱਖਿਆ ਗਿਆ ਗਾਰਡ ਆਪਣੇ ਕੁੱਝ ਸਾਥੀਆਂ ਨਾਲ ਘਰ ਵਿਚ ਦਾਖ਼ਲ ਹੋਇਆ ਤੇ ਉਨ੍ਹਾਂ ਨੇ ਬਜ਼ੁਰਗ ਜੋੜੇ ਨੂੰ ਜਬਰੀ ਸੋਫ਼ੇ ਉੱਪਰ ਬਿਠਾ ਲਿਆ। ਇਸੇ ਦੌਰਾਨ ਕਾਂਤਾ ਚਾਵਲਾ ਨੇ ਕਥਿਤ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਤੇਜ਼ ਹਥਿਆਰ ਨਾਲ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਇਸੇ ਦੌਰਾਨ ਹਮਲਾਵਰ ਨਗਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਬੀਆਰ ਚਾਵਲਾ ਫਿਰ ਘਰੋਂ ਬਾਹਰ ਆਏ ਤੇ ਗੁਆਂਢੀਆਂ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲੀਸ ਆ ਗਈ ਤੇ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਮਾਮਲਾ ਦਰਜ ਕਰ ਕੇ ਸੀਸੀਟੀਵੀ ਦੀ ਮਦਦ ਨਾਲ ਪੁਲੀਸ ਵੱਲੋਂ ਮੁਲਜ਼ਮਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।