ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜਨਵਰੀ
ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸੌਦੇਬਾਜ਼ੀ ਕਰਨ ਦੀ ਪੈ ਰਹੀ ਪਿਰਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਬੰਧ ਨੇ ਸਿੱਖੀ ਨੂੰ ਖੋਰਾ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਗੁਰੂਗਰਾਮ ਦੇ ਹੋਟਲਾਂ ਵਿੱਚ ਦੋਨਾਂ ਧਿਰਾਂ ਨੇ ਆਪੋ-ਆਪਣੇ ਧੜੇ ਦੇ ਮੈਂਬਰਾਂ ਨੂੰ ਠਹਿਰਾਉਣ ਲਈ ਮੋਟੇ ਖਰਚ ਕੀਤੇ ਅਤੇ ਅੱਜ ਵੀ ਮੈਂਬਰਾਂ ਨੂੰ ਆਲੀਸ਼ਾਨ ਬੱਸ ਰਾਹੀਂ ਦਿੱਲੀ ਕਮੇਟੀ ਦੇ ਦਫ਼ਤਰ ਪਹੁੰਚਾਣ ਲਈ ਮੋਟੀ ਰਕਮ ਖਰਚ ਕੀਤੀ ਗਈ ਹੋਵੇਗੀ। ਉਨ੍ਹਾਂ ਕਿਹਾ ਇਹ ਆਗੂ ਧਰਮ ਦੀ ਸੇਵਾ ਕਰਨ ਦੇ ਨਾਂ ’ਤੇ ਸੌਦੇਬਾਜ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਤਰ੍ਹਾਂ ਉਹ ਧਰਮ ਦੀ ਕੀ ਸੇਵਾ ਕਰਨਗੇ।