ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਜਾਇਦਾਦ ਦੀ ਖਰੀਦ ‘ਤੇ 20 ਫੀਸਦੀ ਦੀ ਛੋਟ ਖਤਮ ਕਰ ਦਿੱਤੀ ਗਈ ਹੈ। ਭਵਿੱਖ ਵਿੱਚ ਦਿੱਲੀ ਦੇ ਰਿਹਾਇਸ਼ੀ ਖੇਤਰਾਂ ਵਿੱਚ ਜਾਇਦਾਦ ਦੀ ਰਜਿਸਟਰਡ ਖਰੀਦ ਵੇਚ ਕਰਵਾਉਣਾ ਹੁਣ ਮਹਿੰਗਾ ਹੋਵੇਗਾ। ਸੂਬਾ ਪ੍ਰਧਾਨ ਨੇ ਕਿਹਾ ਕਿ ਜਦੋਂ ਦਿੱਲੀ ਸਰਕਾਰ ਦੇ ਮਾਲ ਵਿਭਾਗ ਕੋਲ ਸਰਪਲੱਸ ਬਜਟ ਹੈ ਤਾਂ ਫਿਰ ਸਰਕਲ ‘ਤੇ 20 ਫੀਸਦੀ ਦੀ ਛੋਟ ਨੂੰ ਖਤਮ ਕਰਕੇ ਗਰੀਬਾਂ ‘ਤੇ ਹਮਲਾ ਕਿਉਂ ਕੀਤਾ ਜਾ ਰਿਹਾ ਹੈ। ਹੁਣ ਗਰੀਬ ਲੋਕਾਂ ਨੂੰ ਰਾਜਧਾਨੀ ‘ਚ ਘਰ ਖਰੀਦਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਵਪਾਰਕ, ਰਿਹਾਇਸ਼ੀ ਅਤੇ ਉਦਯੋਗਿਕ ਤਿੰਨੋਂ ਸ਼੍ਰੇਣੀਆਂ ਦੀਆਂ ਜਾਇਦਾਦਾਂ ’ਤੇ 20 ਫੀਸਦੀ ਛੋਟ ਖ਼ਤਮ ਕਰਨ ਦਾ ਸਿੱਧਾ ਅਸਰ ਦਿੱਲੀ ਦੇ ਗਰੀਬ ਆਦਮੀ ਸਮੇਤ ਹਰ ਵਰਗ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ 2014 ‘ਚ ਸੱਤਾ ‘ਚ ਆਉਂਦੇ ਹੀ ਦਿੱਲੀ ‘ਚ ਜਾਇਦਾਦ ‘ਤੇ ਸਰਕਲ ਰੇਟ ਵਧਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕੇਜਰੀਵਾਲ ਦਿੱਲੀ ਵਾਸੀਆਂ ਦੇ ਹੱਕਾਂ ਦੀ ਰਾਖੀ ਕਰਨ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਸਰਕਲ ਰੇਟ ‘ਤੇ ਛੋਟ ਨੂੰ ਖਤਮ ਕਰਨ ਦਾ ਤਾਨਾਸ਼ਾਹੀ ਫੈਸਲਾ ਲੈ ਕੇ ਉਨ੍ਹਾਂ ‘ਤੇ ਸਿੱਧਾ ਹਮਲਾ ਕਰ ਰਹੇ ਹਨ। ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਦਿੱਲੀ ਦੇ ਲੋਕਾਂ ਨੂੰ ਵਿੱਤੀ ਰਾਹਤ ਦੇਣ ਲਈ ਕੇਜਰੀਵਾਲ ਸਰਕਲ ਰੇਟ ‘ਤੇ 20 ਫੀਸਦੀ ਦੀ ਛੋਟ ਤੁਰੰਤ ਪ੍ਰਭਾਵ ਨਾਲ ਲਾਗੂ ਕਰੇ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਕਾਂਗਰਸ ਛੋਟ ਹਟਾਉਣ ਦੇ ਫ਼ੈਸਲੇ ਦਾ ਵਿਰੋਧ ਕਰਦੀ ਰਹੇਗੀ।