ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮਪੁਰਾ ਦੀ ਗਵਰਨਿੰਗ ਬਾਡੀ ਵਿਚ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਚੇਚੇ ਤੌਰ ’ਤੇ ਪੁੱਜ ਕੇ ਨਵੇਂ ਅਹੁਦੇਦਾਰਾਂ ਨੂੰ ਜਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਚੇਅਰਮੈਨ ਹਰਮਨਜੀਤ ਸਿੰਘ, ਖਜਾਨਚੀ ਗੁਰਵਿੰਦਰ ਪਾਲ ਸਿੰਘ ਰਾਜੂ ਤੇਸਾਰੀ ਕਮੇਟੀ ਕਾਲਜ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੇ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਮੀਤ ਸਿੰਘ ਸਮਾਰਟੀ ਚੱਢਾ, ਰਵਿੰਦਰ ਸਿੰਘ ਕਾਲਰਾ ਅਤੇ ਹਰਵਿੰਦਰ ਸਿੰਘ ਖਰਬੰਦਾ ਨੂੰ ਗਵਰਨਿੰਗ ਬਾਡੀ ਵਿਚ ਬਤੌਰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸ੍ਰੀ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਜ਼ਨ ਹੈ ਕਿ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇ, ਇਸੇ ਸੋਚ ’ਤੇ ਚਲਦਿਆਂ ਆਈ.ਏ.ਐਸ, ਆਈ.ਪੀ.ਐਸ ਦੀ ਪੜ੍ਹਾਈ ਕਰਾਉਣ ਲਈ ਅਕਾਦਮੀ ਖੋਲ੍ਹੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਸਿੱਖ ਬੱਚੇ ਆਈ.ਪੀ.ਐਸ, ਆਈ.ਏ.ਐਸ ਦੇ ਅਹੁਦੇ ’ਤੇ ਪੁੱਜ ਕੇ ਬਿਊਰੋਕਰੈਟਸ ਬਣ ਸਕਣ ਅਤੇ ਦੇਸ਼ ਤੇ ਕੌਮ ਦੀ ਸੇਵਾ ਕਰ ਸਕਣ।