ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਫਰਵਰੀ
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ-ਪੋਠੋਹਾਰੀ ਕਵੀ ਸਵਾਮੀ ਅੰਤਰ ਨੀਰਵ ਨਾਲ ਰੂ-ਬ-ਰੂ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਨੇ ਦੱਸਿਆ ਕਿ ਸਵਾਮੀ ਅੰਤਰ ਨੀਰਵ ਜੰਮੂ-ਕਸ਼ਮੀਰ ਦੇ ਇਕ ਖ਼ਾਸ ਖਿੱਤੇ ਦੇ ਸੱਭਿਆਚਾਰ ਅਤੇ ਰਹਿਤਲ ਨਾਲ ਜੁੜਿਆ ਕਵੀ ਹੈ। ਜਿਸ ਕੋਲ ਕਵਿਤਾ ਕਹਿਣ ਦਾ ਵੱਖਰਾ ਅੰਦਾਜ਼-ਏ-ਬਿਆਂ ਹੈ। ਉਹ ਆਪਣੇ ਆਲੇ-ਦੁਆਲੇ ਜੋ ਕੁਝ ਵੇਖਦਾ ਜਾਂ ਮਹਿਸੂਸ ਕਰਦਾ ਹੈ, ਉਸਨੂੰ ਆਪਣੀ ਸਿਰਜਣਾ ਦਾ ਹਿੱਸਾ ਬਣਾ ਕੇ ਕਵਿਤਾ ਰਾਹੀਂ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਅੰਤਰ ਨੀਰਵ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਅਦਬੀ ਮਾਹੌਲ ਵਿੱਚ ਪੁਲ ਦਾ ਕੰਮ ਕਰ ਰਿਹਾ ਹੈ। ਡਾ. ਬਲਜਿੰਦਰ ਨਸਰਾਲੀ ਨੇ ਕਿਹਾ ਇਸਦੀ ਕਵਿਤਾ ਵਿਚ ਸਮੁੱਚੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਮੁਹੱਬਤ ਅਤੇ ਸ਼ਿੱਦਤ ਦਿਖਾਈ ਦਿੰਦੀ ਹੈ। ਉਸਦੀ ਕਵਿਤਾ ਪੁਣਛ ਦੇ ਗਰਾਂਈਂ ਜੀਵਨ ਦੇ ਅਨੂਠੇ ਦ੍ਰਿਸ਼ ਪੇਸ਼ ਕਰਦੀ ਹੈ। ਅੰਤਰ ਨੀਰਵ ਨੇ ਗੁਰੂ ਅਰਜਨ ਦੇਵ ਦੇ ਸ਼ਬਦ ‘ਦੂਸਰ ਹੋਏ ਤ ਸੋਝੀ ਪਾਏ’ ਦੇ ਹਵਾਲੇ ਨਾਲ ਗੱਲ ਕਰਦੇ ਕਿਹਾ ਅਸਲ ਵਿੱਚ ਮਨੁੱਖ ਦੀ ਸਿੱਖਣ-ਪ੍ਰਕਿਰਿਆ ਦਾ ਕਾਰਜ ਉਸਦੇ ਸਵੈ ਦੇ ਵਿਪਰੀਤ ਵਾਲੇ ਸੁਭਾਅ, ਵਿਚਾਰ ਅਤੇ ਖਿਆਲਾਂ ਵਿਚ ਹੈ, ਜਿਸ ਰਾਹੀਂ ਮਨੁੱਖ ਨੇ ਖ਼ੁੱਦ ਨੂੰ ਸਵਾਰਨਾ ਹੈ। ਉਹ ਆਪਣੀ ਕਵਿਤਾ ਦਾ ਮੁੱਖ ਆਧਾਰ ਆਪਣੇ ਉਨ੍ਹਾਂ ਵਡੇਰਿਆਂ ਨੂੰ ਮੰਨਦਾ ਹੈ, ਜੋ ਪਹਾੜਾਂ ਜਿਹੀ ਛੋਟੀ ਜ਼ਿੰਦਗੀ ’ਚ ਰਹਿੰਦੇ ਹੋਏ ਵੀ, ਵੱਡੀ ਜ਼ਿੰਦਗੀ ਜਿਉਂਦੇ ਸੀ ਤੇ ਜੀਵਨ ਦੇ ਵੱਡੇ ਅਰਥ ਸਿਰਜਣ ਦੇ ਸਮਰੱਥ ਸਨ। ਉਸਨੇ ਦੱਸਿਆ ਮੇਰੇ ਵਡੇਰਿਆਂ ਨੇ ਕਿਹਾ ਸੀ ‘ਅਵਾਜ਼ ਜਿਸ ਲਈ ਬਣੀ ਹੋਈ ਹੈ, ਉੇਸੇ ਨੂੰ ਸੁਣਦੀ ਹੈ’। ਆਪਣੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। ਦਿੱਲੀ ਯੂਨੀਵਰਸਿਟੀ ਦੇ ਦਿਆਲ ਸਿੰਘ ਕਾਲਜ ਦੇ ਡਾ. ਕਮਲਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਡਾ. ਕੁਲਵੀਰ ਗੋਜਰਾ, ਅਧਿਆਪਕ ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ ਤੇ ਵਿਭਾਗ ਦੇ ਪੀਐੱਚਡੀ, ਐੱਮਫਿਲ ਤੇ ਐੱਮਏ ਦੇ ਵਿਦਿਆਰਥੀ ਹਾਜ਼ਰ ਰਹੇ।