ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਈ
ਦਵਾਰਕਾ ਜ਼ਿਲ੍ਹਾ ਪੁਲੀਸ ਨੇ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਵਾਰਕਾ ਸੈਕਟਰ-23 ਇਲਾਕੇ ਵਿੱਚ ਕਾਲ ਸੈਂਟਰ ਚਲਾ ਰਹੇ ਸਨ, ਜੋ ਮਾਈਕ੍ਰੋਸਾਫਟ ਕੰਪਨੀ ਦੇ ਇੰਜਨੀਅਰ ਹੋਣ ਦਾ ਝਾਂਸਾ ਦੇ ਕੇ ਅਤੇ ਸਮੱਸਿਆ ਹੱਲ ਕਰਨ ਦਾ ਵਾਅਦਾ ਕਰਕੇ ਧੋਖਾਧੜੀ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 11 ਲੈਪਟਾਪ, 15 ਮੋਬਾਈਲ, ਸੱਤ ਰਾਊਟਰ, ਕਾਲ ਸਕ੍ਰਿਪਟ, ਕਾਲਿੰਗ ਸਾਫ਼ਟਵੇਅਰ ਅਤੇ ਪੀੜਤਾਂ ਦੀ ਸੂਚੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਰੇਹਾਨ, ਆਸ਼ੀਸ਼, ਠਾਕੁਰ ਉਦੈ ਗਿੱਲ, ਪ੍ਰਦੀਪ ਕੁਮਾਰ, ਨਿਖਿਲ ਗੁਪਤਾ, ਪ੍ਰਭਜੀਤ ਅਤੇ ਨੰਦਨੀ ਵਜੋਂ ਹੋਈ ਹੈ।