ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਆਰੰਭੇ ਕਿਸਾਨ ਮੋਰਚਿਆਂ ਵਿੱਚ ਹੁਣ ਦੁਬਾਰਾ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਹਾੜੀ ਦੀ ਫ਼ਸਲ ਸਾਂਭਣ ਲਈ ਕਿਸਾਨਾਂ ਦੀ ਗਿਣਤੀ ਬਾਰਡਰਾਂ ’ਤੇ ਕੁੱਝ ਘੱਟ ਗਈ ਸੀ ਪਰ ਹੁਣ ਦੁਬਾਰਾ ਜਥਿਆਂ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ ਦੀ ਅਗਵਾਈ ਹੇਠ ਪਟਿਆਲਾ ਤੋਂ ਇੱਕ ਕਿਸਾਨਾਂ ਦਾ ਵੱਡਾ ਜਥਾ ਸ਼ਾਮਲ ਹੋਇਆ। ਇਥੇ ਇਹ ਖਾਸ ਦੱਸਣਯੋਗ ਹੈ ਕਿ ਹੁਣ ਕਿਸਾਨ ਮੋਰਚਿਆਂ ਵਿੱਚ ਬੀਬੀਆਂ ਦੇ ਜਥੇ ਵੀ ਲਗਾਤਾਰ ਸ਼ਾਮਲ ਹੋ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਸਾਭਣੀ ਕਿਸਾਨਾਂ ਲਈ ਅਤਿ ਜ਼ਰੂਰੀ ਹੈ। ਇਸ ਫ਼ਸਲ ਨਾਲ ਪਸ਼ੂਆਂ ਦਾ ਚਾਰਾ ਵੀ ਸਾਂਭਿਆ ਜਾਂਦਾ ਹੈ। ਜਿਵੇਂ ਜਿਵੇਂ ਕਿਸਾਨ ਫਸਲ ਸਾਂਭਣ ਤੋਂ ਵਿਹਲਾ ਹੋ ਰਿਹਾ ਹੈ, ਉਹ ਬਾਰਡਰਾਂ ਵੱਲ ਨੂੰ ਚਾਲੇ ਪਾ ਰਹੇ ਹਨ। ਪਹਿਲਾਂ ਵਾਂਗ ਕਿਸਾਨ ਹੁਣ ਟਰਾਲੀਆਂ ਵਿਚ ਨਹੀਂ ਆ ਰਿਹਾ, ਸਗੋਂ ਰੇਲਵੇ ਰਾਹੀਂ ਮੋਰਚਿਆਂ ਵਿੱਚ ਸ਼ਮੂਲੀਅਤ ਕਰ ਰਿਹਾ ਹੈ। ਰਹਿਣ ਲਈ ਪੱਕੇ ਪ੍ਰਬੰਧ ਬਾਰਡਰਾਂ ’ਤੇ ਕੀਤੇ ਜਾ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਬਲਜੀਤ ਸਿੰਘ ਗਰੇਵਾਲ, ਬਲਦੇਵ ਸਿੰਘ ਲਤਾਲਾ, ਕਾਬਲ ਸਿੰਘ ਅਜਨਾਲਾ, ਜ਼ੋਰਾ ਸਿੰਘ ਨੇ ਦੱਸਿਆ ਕਿ ਹੁਣ ਇਸ ਹਫਤੇ ਕਿਸਾਨਾਂ ਦੀ ਗਿਣਤੀ ਵੱਧ ਜਾਵੇਗੀ। ਕਿਸਾਨ ਮੋਰਚਿਆਂ ਵਿੱਚ ਔਰਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ, ਜੋ ਕਿ ਕਿਸਾਨ ਅੰਦੋਲਨ ਦੀ ਜਿੱਤ ਦਾ ਸ਼ੁਭ ਸੰਕੇਤ ਹੈ। ਆਗੂਆਂ ਨੇ ਕਿਹਾ ਇਸ ਅੰਦੋਲਨ ਵਿੱਚ ਦੇਸ਼ ਦੇ ਮਜ਼ਦੂਰ ਕਿਸਾਨ ਸ਼ਾਮਲ ਹੋ ਰਹੇ ਹਨ। ਬੀਤੇ ਦਿਨੀਂ ਕੇਂਦਰ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਲੌਕਡਾਊਨ ਦੀ ਆੜ ਵਿੱਚ ਜੋ ਕਲੀਨ ਅਪਰੇਸ਼ਨ ਦਾ ਨਾਅਰਾ ਦਿੱਤਾ ਗਿਆ। ਇਸ ਨਾਲ ਵੀ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਮੋਰਚਿਆਂ ਨੂੰ ਲੱਗਿਆਂ ਕਰੀਬ ਪੰਜ ਮਹੀਨੇ ਹੋਣ ਜਾ ਰਹੇ ਹਨ। ਕਿਸਾਨਾਂ ਦੀਆਂ ਸ਼ਹੀਦੀਆਂ ਲਗਾਤਾਰ ਹੋ ਰਹੀਆਂ ਹਨ ਪਰ ਕੇਂਦਰ ਸਰਕਾਰ ਨੇ ਇੱਕ ਵੀ ਸ਼ਬਦ ਹਮਦਰਦੀ ਦਾ ਇਜ਼ਹਾਰ ਨਹੀਂ ਕੀਤਾ। ਕਿਸਾਨ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ। ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ। ਉਨ੍ਹਾਂ ਮੰਗ ਕੀਤੀ ਐੱਮ ਐੱਸ ਪੀ ਕਾਨੂੰਨ ਬਣਾਇਆ ਜਾਵੇ, ਪ੍ਰਦੂਸ਼ਣ ਕਾਨੂੰਨ ਵਾਪਸ ਲਿਆ ਜਾਵੇ, ਕਿਸਾਨਾਂ ’ਤੇ ਦਰਜ ਪਰਚੇ ਰੱਦ ਕੀਤੇ ਜਾਣ।
ਟੋਹਾਣਾ (ਪੱਤਰ ਪ੍ਰੇਰਕ): ਕਣਕ ਦੀ ਵਾਢੀ ਲਗਭਗ ਪੂਰੀ ਹੋਣ ’ਤੇ ਹੈ ਤੇ ਕਿਸਾਨ ਇਕ ਵਾਰ ਫਿਰ ਦਿੱਲੀ ਵੱਲ ਚਲਣ ਲੱਗੇ ਹਨ। ਦਿੱਲੀ ਜਾਣ ਵਾਲੀਆਂ ਟਰਾਲੀਆਂ ਤੇ ਦੂਜੇ ਵਾਹਨ ਇਥੋਂ ਸਰਦੂਲਗੜ੍ਹ-ਹੰਸਪੁਰ ਤੇ ਫਤਿਹਾਬਾਦ ਪੁੱਜ ਕੇ ਕੌਮੀ ਸੜਕ ਸਿਰਸਾ-ਦਿੱਲੀ ਰਸਤੇ ’ਤੇ ਦੂਜਾ ਮੂਣਕ-ਟੋਹਾਣਾ-ਬਰਵਾਲਾ-ਹਾਂਸੀ ਹੋ ਕੇ ਦਿੱਲੀ ਟਿਕਰੀ ਬਾਰਡਰ ’ਤੇ ਪੁੱਜਣ ਲੱਗੇ ਹਨ। ਇਥੋਂ ਲੰਘਣ ਵਾਲੇ ਜਥਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਚਿੰਤਾ ਸਤਾ ਰਹੀ ਸੀ ਕਿ ਦਿੱਲੀ ਬਾਰਡਰਾਂ ’ਤੇ ਗਿਣਤੀ ਘੱਟ ਰਹੀ ਹੈ ਪਰ ਕਿਸਾਨਾਂ ਵਿੱਚ ਦਿੱਲੀ ਮੋਰਚੇ ਵਾਸਤੇ ਪੂਰਾ ਜੋਸ਼ ਹੈ ਤੇ ਅਗਲੇ ਕੁੱਝ ਦਿਨਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਕਿਸਾਨ ਪੁੱਜ ਜਾਣਗੇ।