ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਦਿਹਾਤੀ ਦੇ ਇਲਾਕਿਆਂ ਵਿੱਚ ਵੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉੱਠਣ ਲੱਗੀ ਹੈ ਤੇ ਇਸੇ ਸਿਲਸਿਲੇ ਵਿੱਚ 22 ਨਵੰਬਰ 2020 ਨੂੰ ਦਿੱਲੀ ਦਿਹਾਤ ਦੇ ਮੁੰਡਕਾ ਪਿੰਡ ਵਿੱਚ ਕਿਸਾਨਾਂ ਦੀ ਪੰਚਾਇਤ ਬੁਲਾਈ ਗਈ ਹੈ। ਇਸ ਪੰਚਾਇਤ ਵਿੱਚ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਰਾਜਾਂ ਦੇ ਕਿਸਾਨਾਂ ਦੀ ਆਵਾਜ਼ ਨਾਲ ਦਿੱਲੀ ਦੇ ਕਿਸਾਨ ਵੀ ਆਵਾਜ਼ ਮਿਲਾਉਣਗੇ। ਜ਼ਿਕਰਯੋਗ ਹੈ ਕਿ ਅਗਲੇ ਦਿਨਾਂ ਦੌਰਾਨ ਦਿੱਲੀ ਘੇਰਨ ਦੀ ਕੋਸ਼ਿਸ਼ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ ਦਿਹਾਤ ਸੰਗਠਨ ਵੱਲੋਂ ਇਹ ਮੁੰਡਕਾ ਵਿੱਚ ਪੰਚਾਇਤ ਬੁਲਾਈ ਗਈ ਹੈ ਜਿਸ ਦੀ ਤਿਆਰੀ ਲਈ ਅੱਜ ਇਕ ਬੈਠਕ ਦਿੱਲੀ ਦੇ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਨੇ ਕਕਰੌਲਾ ਪਿੰਡ ਵਿੱਚ ਕੀਤੀ ਤੇ ਭਲਕੇ ਦੀ ਪੰਚਾਇਤ ਦੀ ਰੂਪ-ਰੇਖਾ ਉਲੀਕੀ। ਦਿੱਲੀ ਦਿਹਾਤ ਸੰਗਠਨ ਦੇ ਆਗੂ ਦੀਵਾਨ ਸਿੰਘ ਨੇ ਦੱਸਿਆ ਕਿ ਹੁਣ ਸੱਤਾ ਦਾ ਕੇਂਦਰੀ ਪ੍ਰਤੀਕ ਲਾਲ ਕਿਲ੍ਹਾ ਬਣਨ ਤੋਂ ਪਹਿਲਾਂ ਦਿੱਲੀ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਸੀ। ਲਾਲ ਕਿਲ੍ਹਾ ਪਹਾੜੀ ਧੀਰਜ ਪਿੰਡ ਦੀ ਜ਼ਮੀਨ ਵਿੱਚ ਹੀ ਮੁਗਲਾਂ ਨੇ ਉਸਾਰਿਆ ਸੀ। ਉਨ੍ਹਾਂ ਦੱਸਿਆ ਕਿ ਅੱਗੋਂ ਚੱਲ ਕੇ ਅੰਗਰੇਜ਼ਾਂ ਨੇ ਲੁਟੀਅਨ ਜੋਨ ਤੇ ਨਵੀਂ ਦਿੱਲੀ ਦੇ ਕਈ ਇਲਾਕੇ ਮਾਲਚਾ ਪਿੰਡ ਦੀ ਜ਼ਮੀਨ ਗ੍ਰਹਿਣ ਕਰਕੇ ਵਸਾਏ ਸਨ। ਚਾਹੇ ਹੁਣ ਦਿੱਲੀ ਦਾ ਕਾਰੋਬਾਰੀ, ਸੱਭਿਆਚਾਰਕ ਤੇ ਸਿਆਸੀ ਸਰੂਪ ਬਦਲਿਆ ਹੈ ਪਰ ਦਿੱਲੀ ਦਿਹਾਤ ਵਿੱਚ ਅਜੇ ਵੀ ਹਰਿਆਣਾ, ਉੱਤਰ ਪ੍ਰਦੇਸ਼ ਤੇ ਦੱਖਣੀ ਪੰਜਾਬ ਦਾ ਸਾਂਝਾ ਸੱਭਿਆਚਾਰ ਇੱਥੇ ਰੁਮਕ ਰਿਹਾ ਹੈ। ਉਨ੍ਹਾਂ ਮੁਤਾਬਕ ਦਿੱਲੀ ਦੇ ਕੁੱਲ 360 ਪਿੰਡਾਂ ਵਿੱਚੋਂ 100 ਤੋਂ ਵੱਧ ਪਿੰਡਾਂ ਵਿੱਚ ਅਜੇ ਵੀ ਖੇਤੀ ਹੀ ਮੁੱਖ ਕਾਰੋਬਾਰ ਹੈ ਤੇ 80 ਹਜ਼ਾਰ ਹੈਕਟੇਅਰ ਵਿੱਚ ਦਿੱਲੀ ਦੇ ਕਿਸਾਨ ਸਬਜ਼ੀਆਂ, ਫੁੱਲ ਤੇ ਹੋਰ ਨਕਦ ਫਸਲਾਂ ਸਮੇਤ ਕਣਕ ਤੇ ਝੋਨਾ ਬੀਜਦੇ ਹਨ ਜੋ ਕਿ ਉੱਤਰੀ ਦਿੱਲੀ, ਪੱਛਮੀ ਦਿੱਲੀ ਤੇ ਦੱਖਣੀ-ਪੱਛਮੀ ਦਿੱਲੀ ਦੇ ਇਲਾਕਿਆਂ ਵਿੱਚ ਫੈਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਗੁਆਂਢੀ ਰਾਜਾਂ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਹਨ ਤਾਂ ਕਿਉਂ ਨਾ ਦਿੱਲੀ ਦੇ ਕਿਸਾਨ ਵੀ ਕੌਮੀ ਆਵਾਜ਼ ਦਾ ਹਿੱਸਾ ਬਣਨ।
ਟੋਹਾਣਾ (ਪੱਤਰ ਪ੍ਰੇਰਕ): ਹਰਿਆਣਾ ਦੇ ਕਿਸਾਨਾ ਵੱਲੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਸਬਜ਼ੀ ਮੰਡੀ ਫਤਿਹਾਬਾਦ ਵਿੱਚ ਇਕੱਠ ਕਰਕੇ ਸੰਰਘਸ਼ ਨੂੰ ਤੇਜ਼ ਕਰਨ ਦਾ ਹੁੰਗਾਰਾ ਭਰਦੇ ਹੋਏ ਕਿਹਾ ਕਿ ਕਰੋਨਾ ਦੇ ਨਾਂ ’ਤੇ ਉਨ੍ਹਾਂ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ। ਕਿਸਾਨ ਹਰ ਹਾਲਤ ਵਿੱਚ ਦਿੱਲੀ ਦਾ ਘਿਰਾਓ ਕਰਨਗੇ। ਕਿਸਾਨ ਨੇਤਾਵਾਂ ਨੇ ਰਣਨੀਤੀ ਦੱਸਣ ਤੋਂ ਗੁਰੇਜ ਕੀਤਾ ਤੇ ਬਿਲਕੁਲ ਸਮੇਂ ਮੁਤਾਬਿਕ ਕਿਸਾਨਾਂ ਤਕ ਸੂਚਨਾ ਪਹੁੰਚਾਉਣ ਦਾ ਵਾਅਦਾ ਕੀਤਾ। ਅੱਜ ਦੇ ਸੰਮੇਲਨ ਵਿੱਚ ਔਰਤਾਂ ਦੀ ਰਿਕਾਰਡ ਸੰਖਿਆ ਦਰਜ ਕੀਤੀ ਗਈ। ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਉਥੇ ਹੀ ਧਰਨਾ ਆਰੰਭ ਹੋ ਜਾਵੇਗਾ। ਕਿਸਾਨ ਜਥੇ ਰਾਸ਼ਨ ਦਾ ਪ੍ਰਬੰਧ ਕਰਕੇ ਚੱਲਣਗੇ। ਕਿਸਾਨ ਸੰਘਰਸ਼ ਵਿੱਚ ਵਾਪਸੀ ਦੀ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਦਾ ਭੈਅ ਖੜ੍ਹਾ ਕਰਨ ’ਤੇ ਕਿਸਾਨ ਨਹੀਂ ਡਰਨਗੇ। ਇਸ ਦੌਰਾਨ ਕਿਹਾ ਗਿਆ ਕਿ ਕਿਸਾਨ ਜੱਥੇ 22 ਨਵੰਬਰ ਤੋਂ ਦਿੱਲੀ ਵੱਲ ਕੂਚ ਕਰਨਗੇ। ਫਤਿਹਾਬਾਦ ਸਬਜ਼ੀ ਮੰਡੀ ਵਿੱਚ ਕਿਸਾਨਾਂ ਦੀ ਰਿਕਾਰਡ ਦੇਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਦਾ ਸਿਹਰਾ ਹਰਿਆਣਾ-ਪੰਜਾਬ ਦੀਆਂ ਕਿਸਾਨ ਜੰਥੇਬੰਦੀਆਂ ਦੇ ਸਿਰ ਬਝਦਾ ਹੈ।
ਲੰਬੇ ਸੰਘਰਸ਼ ਲਈ ਕਿਸਾਨਾਂ ਦੀ ਲਾਮਬੰਦੀ
ਟੋਹਾਣਾ (ਪੱਤਰ ਪ੍ਰੇਰਕ ): ਕਿਸਾਨੀ ਮੰਗਾਂ ਨੂੰ ਲੈ ਕੇ 26-27 ਨਵੰਬਰ ਨੂੰ ਦਿੱਲੀ ਦੀ ਘੇਰਾਬੰਦੀ ਦੀਆਂ ਤਿਆਰੀਆਂ ਵਿੱਚ ਰੁੱਝੇ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਹਿੰਮਤਪੁਰਾ, ਪੂਰਨ ਮਾਜਰਾ, ਲੋਹਾਖੇੜਾ, ਡਾਂਗਰਾ ਤੇ ਹੋਰ ਦਰਜਨ ਭਰ ਪਿੰਡਾਂ ਵਿੱਚ ਕਿਸਾਨ ਪਰਿਵਾਰਾਂ ਨੂੰ ਕਿਸਾਨ ਸੰਘਰਸ਼ ਲਈ ਲਾਮਬੰਦ ਕਰਨ ਤੋਂ ਬਾਦ ਕਿਸਾਨ ਨੇਤਾ ਜਗਤਾਰ ਸਿੰਘ, ਭਾਕਿਯੂ ਦੇ ਜੁਗਿੰਦਰ ਸਿੰਘ, ਰਮੇਸ਼ ਡਾਂਗਰਾ ਤੇ ਦਰਜਨ ਭਰ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨ ਜਾਗਰੂਕ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਿੱਚ ਭਾਰੀ ਰੋਸ ਹੈ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ 26-27 ਨਵੰਬਰ ਨੂੰ ਦਿੱਲੀ ਵਲ ਕੂਚ ਕਰਨਗੇ। ਕੇਂਦਰ ਸਰਕਾਰ ਨੂੰ ਲਲਕਾਰ ਹੋਵੇਗੀ ਕਿ ਜਾ ਸੱਤਾ ਛੱਡੋ ਜਾ ਕਾਲੇ ਕਾਨੂੰਨ ਵਾਪਸ ਲਵੋ। ਕਿਸਾਨ ਲੰਬੇ ਸੰਘਰਸ਼ ਤੋਂ ਘਬਰਾਉਣ ਵਾਲੇ ਨਹੀਂ। ਕਿਸਾਨਾ ਦੀਆਂ ਮੰਗਾਂ ਪੂਰੀਆ ਕਰਨ ਦੀ ਬਜਾਏ ਕਿਸਾਨਾ ਦੇ ਕਾਰਪੋਰੇਟ ਘਰਾਣਿਆਂ ਨਾਲ ਸੌਦੇਬਾਜ਼ੀ ਦਾ ਵਿਰੋਧ ਹੋਵੇਗਾ। ਇਸ ਮੌਕੇ ਭੁਪਿੰਦਰ ਸਿੰਘ, ਹਾਕਮ ਸਿੰਘ, ਸੇਵਾ ਸਿੰਘ, ਜੋਰਾਵਰ ਸਿੰਘ ਤੇ ਮਨਜੀਤ ਨੇ ਵੀ ਕੇਂਦਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕਰਨ ਦੀ ਸਲਾਹ ਦਿੱਤੀ।
ਦਿੱਲੀ ਰੈਲੀ ਲਈ ਨੁੱਕੜ ਮੀਟਿੰਗ
ਰਤੀਆ: ਖੇਤੀ ਬਚਾਓ ਸੰਘਰਸ਼ ਕਮੇਟੀ ਰਤੀਆ ਨੇ ਸਾਬਕਾ ਸਰਪੰਚ ਜਰਨੈਲ ਸਿੰਘ ਮੱਲਵਾਲਾ ਦੀ ਅਗਵਾਈ ‘ਚ ਅਜੀਤਸਰ ਗੁਰੂਘਰ ਵਿੱਚ ਮੀਟਿੰਗ ਕਰਕੇ 26 ਨਵੰਬਰ ਨੂੰ ਦਿੱਲੀ ਵਿੱਚ ਪਹੁੰਚਣ ਦਾ ਸੰਕਲਪ ਲਿਆ। ਕਿਸਾਨਾਂ ਮਜ਼ਦੂਰਾਂ ਦਾ ਇੱਥੋਂ ਕਾਫ਼ਲਾ ਇਸ ਗੁਰੂਘਰ ਤੋਂ ਟਰੈਕਟਰ ਟਰਾਲੀਆਂ ਭਰ ਕੇ ਦਿੱਲੀ ਨੂੰ ਕੂਚ ਕਰੇਗਾ। ਕਿਸਾਨ ਆਗੂ ਮੱਲਵਾਲਾ ਨੇ ਪਿੰਡ ਬਾਹਮਣਵਾਲਾ ਵਿੱਚ ਬਾਹਰੀ ਸੂਬਿਆਂ ਤੋਂ ਆਏ ਚਾਵਲ ਬਰਾਮਦ ਹੋਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੁੱਟ ਨੂੰ ਕਿਸੇ ਕੀਮਤ ਬਰਦਾਸ਼ਤ ਨਹੀ ਕੀਤਾ ਜਾਵੇਗਾ। ਅਖੀਰ ‘ਚ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਕੇਂਦਰੀ ਖੇਤੀ ਕਾਲੇ ਕਨੂੰਨ ਵਾਪਸ ਨਹੀ ਹੁੰਦੇ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਵਿੱਚ ਰਾਜਵਿੰਦਰ ਸਿੰਘ ਚਹਿਲ , ਰਾਮ ਚੰਦ ਸਹਿਨਾਲ , ਭੋਲਾ ਸਿੰਘ , ਮੇਜਰ ਸਿੰਘ, ਸੇਵਾ ਸਿੰਘ , ਹੈਪੀ ਰਤਨਗੜ੍ਹ ਹਾਜ਼ਰ ਸਨ।-ਪੱਤਰ ਪ੍ਰੇਰਕ