ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਅੰਦੋਲਨ ਅੰਦਰ ਟਿਕਰੀ ਬਾਰਡਰ ’ਤੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜਿਵੇਂ ਕਿ ਕੇਂਦਰ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ 22 ਫ਼ਸਲਾਂ ’ਤੇ ਐੱਮਐੱਸਪੀ ਮੁੱਲ ਵਿੱਚ ਨਿਗੂਣਾ ਵਾਧਾ ਕਰਦੀ ਸੀ ਤੇ ਬਹੁਤੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਵੀ ਕੀਤੀ ਜਾਂਦੀ ਸੀ। ਪਿਛਲੇ ਦਿਨਾਂ ’ਚ ਕੇਂਦਰ ਸਰਕਾਰ ਨੇ 14 ਫ਼ਸਲਾਂ ’ਤੇ ਐੱਮਐੱਸਪੀ ਰੇਟ ਐਲਾਨ ਕੇ 8 ਜਿਣਸਾਂ ਦੀ ਖ਼ਰੀਦ ਐੱਮਐੱਸਪੀ ਤੋਂ ਵਾਂਝੀ ਕਰ ਦਿੱਤੀ ਹੈ। ਇਸ ਵਿੱਚੋਂ ਵੀ ਗਰੰਟੀ ਸਿਰਫ਼ ਦੋ ਫ਼ਸਲਾਂ-ਕਣਕ ਤੇ ਝੋਨੇ ਉਹ ਵੀ ਸਿਰਫ ਦੋ ਰਾਜਾਂ ਪੰਜਾਬ ਤੇ ਹਰਿਆਣਾ ’ਚ ਲਾਗੂ ਕੀਤੀ ਜਾਂਦੀ ਰਹੀ ਹੈ। ਭਾਰਤ ਦੇ ਬਾਕੀ ਸੂਬਿਆਂ ’ਚ ਫ਼ਸਲਾਂ ਕੌਡੀਆਂ ਦੇ ਭਾਅ ਖ਼ਰੀਦੀਆਂ ਜਾ ਰਹੀਆਂ ਹਨ। ਇਸੇ ਕਾਰਨ ਪ੍ਰਾਈਵੇਟ ਵਪਾਰੀ ਦੂਜੇ ਰਾਜਾਂ ਤੋਂ ਫ਼ਸਲਾਂ ਸਸਤੇ ਭਾਅ ਖਰੀਦ ਕੇ ਪੰਜਾਬ ਤੇ ਹਰਿਆਣਾ ’ਚ ਲਿਆ ਕੇ ਪੂਰੇ ਰੇਟ ’ਤੇ ਵੇਚਦੇ ਹਨ।
ਕਿਸਾਨ ਆਗੂ ਨੇ 22 ਫ਼ਸਲਾਂ ਤੋਂ ਘਟਾ ਕੇ 14 ਫ਼ਸਲਾਂ ਦਾ ਐੱਮਐੱਸਪੀ ਮੁੱਲ ਨਿਰਧਾਰਤ ਕਰਨ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਸਰਕਾਰ ਨੂੰ ਸੁਣਾਉਣੀ ਕੀਤੀ ਕਿ ਭਾਰਤ ’ਚ ਕੁੱਲ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਕੇ ਸਰਕਾਰੀ ਖ਼ਰੀਦ ਦੀ ਗਰੰਟੀ ਦਿੱਤੀ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ’ਚ ਝੋਨੇ ਦੀ ਲਵਾਈ ਦਾ ਸੀਜ਼ਨ ਹੋਣ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਮਜ਼ਦੂਰਾਂ ਅਤੇ ਕਿਸਾਨਾਂ ’ਚ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਆਪੋ ਆਪਣੇ ਸੈੱਲਾਂ ਰਾਹੀਂ ਦੋਨੇ ਧਿਰਾਂ ਵੱਲੋਂ ਮਤੇ ਪਵਾਏ ਜਾ ਰਹੇ ਹਨ। ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਆਪਸੀ ਸਾਂਝ ਟੁੱਟਣ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੀਆਂ। ਦੋਵੇਂ ਧਿਰਾਂ ਮਿਲ ਬੈਠ ਕੇ ਮਸਲੇ ਦਾ ਹੱਲ ਕਰਨ ਲਈ ਇੱਕਜੁੱਟ ਹੋਣ। ਹਰਿਆਣੇ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੌਜਵਾਨ ਆਗੂ ਮੋਹਿਤ ਸਿਧਾਣੀ ਨੇ ਕਿਹਾ ਕ੍ਰਾਂਤੀਕਾਰੀ ਯੋਧਿਆਂ ਤੋਂ ਸੇਧ ਲੈ ਕੇ ਸਾਨੂੰ ਸ਼ਾਂਤਮਈ ਸੰਘਰਸ਼ਾਂ ਦੇ ਮੈਦਾਨ ਵਿੱਚ ਉਤਰਨ ਦੀ ਲੋੜ ਹੈ।
ਅਭਿਮੰਨਿਊ ਵੱਲੋਂ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਵਧਾਉਣ ਦਾ ਸੱਦਾ
ਜੀਂਦ (ਮਹਾਂਵੀਰ ਮਿੱਤਲ): ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਖਟਕੜ ਟੌਲ ਪਲਾਜ਼ਾ ਨੇੜੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਦੇ ਧਰਨੇ ਦੌਰਾਨ ਸੰਕੇਤਕ ਭੁੱਖ ਹੜਤਾਲ ’ਤੇ ਰਾਮ ਕਿਸ਼ਨ ਖਟਕੜ, ਸੁਮਿਤ ਘੱਸੋ, ਸੰਤੋਸ਼ ਕੁਮਾਰ ਬੜੋਦਾ, ਮਿਹਰ ਸਿੰਘ ਖਟਕੜ ਅਤੇ ਸਮਸ਼ੇਰ ਤਾਰਖਾਂ ਬੈਠ। ਇਸ ਤੋਂ ਇਲਾਵਾ ਧਰਨੇ ਦੀ ਪ੍ਰਧਾਨਗੀ ਕਰਮ ਚੰਦ ਫੌਜੀ ਜੀਂਦ ਨੇ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਅਭਿਮਨਿਊ ਕਿਸਾਨ ਧਰਨੇ ’ਤੇ ਪਹੁੰਚੇ ਅਤੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਜੋ ਵੀ ਫੈਸਲੇ ਲਵੇ, ਉਸ ਦੇ ਅਨੁਸਾਰ ਹੀ ਅੰਦੋਲਨ ਚਲਾਉਣਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਸਾਰਿਆਂ ਦੇ ਹਿੱਤ ਦੀ ਗੱਲ ਹੈ। ਇਸ ਲਈ ਅੰਦੋਲਨ ਨੂੰ ਜ਼ਾਬਤੇ ਵਿੱਚ ਰਹਿ ਕੇ ਹੀ ਅੱਗੇ ਵਧਾਉਣਾ ਹੈ। ਇਸ ਦੌਰਾਨ ਉਨ੍ਹਾਂ ਪਿੰਡਾਂ ਵਿੱਚ ਲੋਕਾਂ ਜਾਗਰੂਕ ਕਰਕੇ ਦਿੱਲੀ ਬਾਰਡਰਾਂ ਉਤੇ ਜਾਰੀ ਮੋਰਚਿਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਦਾ ਸੱਦਾ ਦਿੱਤਾ। ਕਿਸਾਨ ਆਗੂ ਕੈਪਟਨ ਰਣਧੀਰ ਚਹਿਲ ਅਤੇ ਵਜਿੰਦਰ ਸਿੰਧੂ ਨੇ ਕਿਹਾ ਕਿ 6 ਮਹੀਨੇ ਤੋਂ ਵੱਧ ਦਾ ਸਮਾਂ ਖਟਕੜ ਟੌਲ ਪਲਾਜ਼ਾ ਉੱਤੇ ਕਿਸਾਨਾਂ ਦੇ ਧਰਨੇ ਨੂੰ ਹੋ ਗਿਆ ਹੈ, ਪਰ ਕਿਸਾਨਾਂ ਦਾ ਨਾ ਤਾਂ ਜੋਸ਼ ਖਤਮ ਹੋਇਆ ਹੇ ਅਤੇ ਨਾ ਹੀ ਧਰਨਿਆਂ ਉੱਤੇ ਕਿਸਾਨਾਂ ਦੀ ਭੀੜ ਵਿੱਚ ਕਮੀ ਆਈ ਹੈ।