ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਦੀ ਸਰਕਾਰ ਦੇ ਦੇਸ਼ ਭਰ ਵਿੱਚ ਪੁਤਲੇ ਫੂਕੇ ਜਾਣਗੇ ਅਤੇ ਹਰ ਮਕਾਨ ਦੁਕਾਨ, ਹਰ ਤਰ੍ਹਾਂ ਦੇ ਵਹੀਕਲਾਂ ਉੱਪਰ ਕਾਲੇ ਝੰਡੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕੇ ਮੋਦੀ ਸਰਕਾਰ ਦੇ 7 ਸਾਲ ਦੇ ਕਾਰਜਕਾਲ ਨੂੰ ਕਾਲੇ ਦਿਨ ਵਜੋ ਮਨਾਇਆ ਜਾਵੇਗਾ। ਜਾਮਾਰਾਏ ਨੇ ਮੀਟਿੰਗ ਵਿੱਚ ਜੁੜੇ ਕਿਸਾਨ ਆਗੂਆ ਨੂੰ ਕਿਹਾ ਕੇ 26 ਮਈ ਨੂੰ ਸਾਨੂੰ ਦਿੱਲੀ ਘੇਰ ਕੇ ਬੈਠਿਆਂ ਛੇ ਮਹੀਨੇ ਹੋ ਜਾਣਗੇ। ਇਸ ਸਮੇਂ ਦੌਰਾਨ 400 ਤੋਂ ਵਧੇਰੇ ਸ਼ਹਾਦਤਾਂ ਹੋਈਆ ਹਨ। ਜੋ ਕਿਸਾਨਾਂ ਅਤੇ ਸੰਘਰਸ਼ੀ ਯੋਧਿਆਂ ਦੇ ਹੌਸਲੇ ਡੇਗ ਨਹੀਂ ਸਕੀਆਂ। ਸੰਘਰਸ਼ ਚੜ੍ਹਦੀ ਕਲਾ ਵਿੱਚ ਅੱਗੇ ਵੱਧ ਰਿਹਾ ਹੈ। ਮੋਦੀ ਸਰਕਾਰ ਕਰੋਨਾ ਬਿਮਾਰੀ ਦੀ ਰੋਕਥਾਮ ਅਤੇ ਮਨੁੱਖੀ ਜ਼ਿੰਦਗੀਆਂ ਬਚਾਉਣ ਵਿੱਚ ਨਾਕਾਮ ਰਹੀ ਹੈ। ਆਪਣੀ ਅਸਫ਼ਲਤਾ ਨੂੰ ਲੁਕਾਉਣ ਲਈ ਲੋਕਾਂ ਉੱਪਰ ਲੌਕਡਾਊਨ ਠੋਸਿਆ ਜਾ ਰਿਹਾ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ 26 ਮਈ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਹੁਣ ਤੋਂ ਤਿਆਰੀਆਂ ਕਰਨ ਦਾ ਸੱਦਾ ਦਿੱਤਾ ਤੇ ਆਮ ਲੋਕਾਂ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਧਰਮਿੰਦਰ ਸਿੰਘ ਮਕੇਰੀਆ, ਖੁਸ਼ਪ੍ਰੀਤ ਸਿੰਘ ਕਲਾਨੌਰ, ਕਿਸਾਨ ਆਗੂ ਨਿਰਪਾਲ ਸਿੰਘ ਜੌਣੇਕੇ ਨੇ ਸੰਬੋਧਨ ਕੀਤਾ।
ਉਥੇ ਹੀ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਮੌਕੇ ਦੀ ਜਾਬਰ ਭਾਜਪਾ ਹਕੂਮਤ ਨੇ ਪਿਛਲੇ ਸਾਲ ਪੰਜ ਜੂਨ ਨੂੰ ਕਰੋਨਾ ਦੀ ਆੜ ਹੇਠ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ। ਗੁਰਪ੍ਰੀਤ ਸਿੰਘ ਨੂਰਪੁਰਾ ਨੇ ਦੱਸਿਆ ਕਿ ਸਾਡੇ ਭਾਰਤ ਦੇਸ਼ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ। ਪ੍ਰੋ. ਸਤਬੀਰ ਸਿੰਘ ਦੀ ਖੋਜ ਮੁਤਾਬਕ 5 ਜਨਵਰੀ 1761 ਨੂੰ ਮਰਾਠਾ ਕੌਮ ’ਤੇ ਹਮਲਾ ਕਰ ਦਿੱਤਾ ਸੀ ਤਦ ਉਸ ਸਮੇਂ ਮਰਾਠਿਆਂ ਨੇ ਅਕਾਲ ਤਖ਼ਤ ’ਤੇ ਆ ਕੇ ਮਦਦ ਦੀ ਅਪੀਲ ਕੀਤੀ ਸੀ। ਸਿੱਖਾਂ ਨੇ ਉਸ ਦੀ ਗੱਲ ਮੰਨ ਕੇ ਮਦਦ ਕੀਤੀ। ਅੱਜ ਦੇ ਹਾਲਾਤ ਉਸ ਸਮੇਂ ਨਾਲੋਂ ਵੀ ਬੱਦਤਰ ਬਣ ਚੁੱਕੇ ਹਨ। ਸਮੇਂ ਮੁਤਾਬਕ ਅੱਜ ਵੀ ਲੁਟੇਰੀ ਜਮਾਤ ਨਾਲ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।