ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਤਿੰਨ ਮੁੱਖ ਸੜਕਾਂ ਦਿੱਲੀ-ਕਰਨਾਲ ਮਾਰਗ ‘ਤੇ ਸਿੰਘੂ ਬਾਰਡਰ, ਦਿੱਲੀ-ਬਹਾਦਰਗੜ੍ਹ ਮਾਰਗ ’ਤੇ ਟਿਕਰੀ ਬਾਰਡਰ ਅਤੇ ਦਿੱਲੀ-ਗਾਜ਼ੀਆਬਾਦ ਮਾਰਗ ’ਤੇ ਗਾਜ਼ੀਪੁਰ ਬਾਰਡਰ ਉਪਰ ਚੱਲ ਰਹੇ ਧਰਨਿਆਂ ਵਿੱਚ ਸ਼ਾਮਲ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਬਚਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਿਕ ਗਰਮੀ ਤੋਂ ਬਚਾਅ ਲਈ ਯੂਨੀਅਨਾਂ ਨੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਮੁਜ਼ਾਹਰੇ ਵਾਲੀ ਥਾਂ ਵੱਡੇ ਕੂਲਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਸਿੰਘੂ ਦੀ ਮੁੱਖ ਸਟੇਜ ਕੋਲ ਚਾਰ ਵੱਡੇ ਕੂਲਰ ਲਾਏ ਗਏ ਹਨ। ਕਿਸਾਨਾਂ ਵੱਲੋਂ ਟਰਾਲੀਆਂ ਵਿੱਚ ਵੀ ਕੂਲਰ ਤੇ ਪੱਖੇ ਲਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਬਿਜਲੀ ਦੇ ਯੰਤਰਾਂ ਨੂੰ ਚਲਾਉਣ ਲਈ ਵੱਡੇ ਜਨਰੇਟਰਾਂ ਨੂੰ ਲਿਆਉਣ ਵੱਲ ਵੀ ਕਿਸਾਨਾਂ ਦਾ ਧਿਆਨ ਗਿਆ ਹੈ। ਇਸ ਤੋਂ ਇਲਾਵਾ ਏਸੀ ਲਾਉਣ ਦੀ ਜੁਗਤ ਵੀ ਉਲੀਕੀ ਜਾ ਰਹੀ ਹੈ। ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਵੀ ਭੇਜੇ ਜਾਣ ਵਾਲੇ ਜਥਿਆਂ ਨਾਲ ਗਰਮੀ ਤੋਂ ਬਚਣ ਦੇ ਪ੍ਰਬੰਧ ਕੀਤੇ ਜਾਣ ਲੱਗੇ ਹਨ। ਮੋਰਚੇ ਵੱਲੋਂ ਵੀ ਗਰਮੀ ਦੇ ਮੱਦੇਨਜ਼ਰ ਵਿਚਾਰ-ਚਰਚਾ ਜਾਰੀ ਹੈ ਤੇ ਮੋਰਚਾ ਲੰਬਾ ਖਿੱਚਣ ਦੀ ਕੇਂਦਰ ਸਰਕਾਰ ਦੀ ਨੀਅਤ ਨੂੰ ਭਾਂਪਦੇ ਹੋਏ ਇਸ ਪਾਸੇ ਧਿਆਨ ਦਿੱਤਾ ਗਿਆ ਹੈ। ਪਰਾਲੀ ਦੇ ਛੱਪਰ ਪਾ ਕੇ ਰਵਾਇਤੀ ਤਰੀਕੇ ਦੇ ਗਰਮੀ ਤੋਂ ਬਚਣ ਦੇ ਉਪਾਅ ਵੀ ਦਿੱਲੀ ਦੀਆਂ ਤਪਦੀਆਂ ਸੜਕਾਂ ’ਤੇ ਅਜਮਾਏ ਜਾਣਗੇ।