ਪੱਤਰ ਪ੍ਰੇਰਕ
ਨਵੀਂ ਦਿੱਲੀ 12 ਮਾਰਚ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ 3 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਹਨ। ਭਾਰੀ ਮੀਂਹ ਤੇ ਝੱਖੜ ਦੇ ਨਾਲ ਕਿਸਾਨਾਂ ਦੇ ਬਣਾਏ ਆਰਜ਼ੀ ਘਰਾਂ ਵਿੱਚ ਪਾਣੀ ਭਰਨ ਨਾਲ ਨੁਕਸਾਨ ਪਹੁੰਚਾਇਆ ਤੇ ਥਾਂ-ਥਾਂ ਪਾਣੀ ਭਰ ਗਿਆ, ਟੈਂਟ ਵਾਲੀਆਂ ਪਾਈਪਾਂ ਨੁਕਸਾਨੀਆਂ ਗਈਆਂ ਹਨ, ਮੈਟ ਗਿੱਲੇ ਹੋ ਗਏ,ਚਾਨਣੀਆਂ ਪਾਟ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਰੀ ਮੀਂਹ ਤੇ ਝੱਖੜ ਕਾਰਨ ਭਾਵੇਂ ਸਟੇਜ ਦੀ ਕਾਰਵਾਈ ਚਾਲੂ ਨਹੀਂ ਹੋ ਸਕੀ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਕਾਨੂੰਨ ਰੱਦ ਕਰਵਾਉਣ ਤੱਕ ਘੋਲ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰ ਨੂੰ ਲੰਮੇ ਘੋਲ ਦੇ ਪੈੜੇ ਕੱਸਣੇ ਪੈਣੇ ਹਨ, ਵਿਸ਼ਵ ਪੱਧਰੀਆਂ ਤਾਕਤਾਂ ਨੂੰ ਹਰਾਉਣ ਲਈ ਘੋਲ ਵਿੱਚ ਸ਼ਮੂਲੀਅਤ ਵਧਾਉਣ ਦੀ ਲੋੜ ਹੈ। ਹਾਕਮਾਂ ਦੇ ਭੜਕਾਊ ਤੇ ਪਾਟਕ ਪਾਊ ਨਾਅਰਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।