ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਕਰਦਿਆਂ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਦਿੱਲੀ ਦੇ ਟਿਕਰੀ ਬਾਰਡਰ ਸਟੇਜ ਤੋਂ ਕਿਹਾ ਕਿ ਭਾਰਤ ਦੇ ਕਿਸਾਨ ਅਤੇ ਮਜ਼ਦੂਰ 5 ਮਹੀਨੇ ਤੋਂ ਲੱਖਾਂ ਦੀ ਗਿਣਤੀ ਵਿੱਚ ਬੱਚੇ, ਬੁੱਢੇ, ਜਵਾਨ ਅਤੇ ਔਰਤਾਂ ਸ਼ਾਂਤਮਈ ਸੰਘਰਸ਼ ਸਰਕਾਰ ਦੇ ਦਰਵਾਜ਼ੇ ਉੱਤੇ ਆ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੁੱਧੀਜੀਵੀ, ਜੱਜ-ਵਕੀਲ, ਡਾਕਟਰ, ਮੁਲਾਜ਼ਮ, ਵਿਦਿਆਰਥੀ, ਪੇਂਡੂ-ਸ਼ਹਿਰੀ ਵਸੋਂ ਮਜ਼ਦੂਰ ਜਮਾਤ, ਵਿਰੋਧੀ ਧਿਰਾਂ ਅਤੇ ਵਿਦੇਸ਼ੀ ਹਮਾਇਤ ਕਿਸਾਨਾਂ ਦੇ ਪੱਖ ਵਿੱਚ ਦਰਜ ਹੋ ਚੁੱਕੀ ਹੈ। ਭਾਜਪਾ ਦੀ ਜੋਟੀ ਅਕਾਲੀ ਦਲ ਤੋਂ ਟੁੱਟ ਜਾਣੀ, ਆਗੂਆਂ ਦੇ ਸੈਂਕੜੇ ਅਸਤੀਫ਼ੇ ਆ ਜਾਣੇ, ਮੋਦੀ ਸਰਕਾਰ ਵੱਲੋਂ ਇਸ ਦੇਸ਼ ਦੀ ਸਮੁੱਚੀ ਜਨਤਾ ਪ੍ਰਤੀ ਸਿਰੇ ਦੀ ਬੇਰੁਖ਼ੀ ਦੁਨੀਆਂ ਪੱਧਰ ’ਤੇ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਚਾਰ ਸੌ ਦੇ ਕਰੀਬ ਕਿਸਾਨ ਸ਼ਹੀਦ ਹੋਣ ’ਤੇ ਇੱਕ ਵੀ ਸ਼ਬਦ ਨਾ ਕਹਿਣਾ, ਇਖ਼ਲਾਕੀ ਤੌਰ ’ਤੇ ਊਣੀ ਸਮਝ ਵਾਲੇ ਪ੍ਰਧਾਨ ਮੰਤਰੀ ਤੋਂ ਦੇਸ਼ ਕੀ ਉਮੀਦ ਕਰ ਸਕਦਾ ਹੈ।
ਜ਼ਿਲ੍ਹਾ ਸੰਗਰੂਰ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਦੇਸ਼ ਦੀ ਜਨਤਾ ਵਿਚ ਕਿਸਾਨ-ਮਜ਼ਦੂਰ ਜਮਾਤ ਅਤੇ ਉਨ੍ਹਾਂ ਦੇ ਆਗੂਆਂ ਦਾ ਕੱਦ ਉੱਚਾ ਹੋਇਆ ਹੈ। ਦੁਨੀਆਂ ਭਰ ਵਿਚ ਸੁਚੱਜੀ ਅਗਵਾਈ ਦੇ ਡੰਕੇ ਵੱਜ ਰਹੇ ਹਨ ਅੰਦੋਲਨਕਾਰੀਆਂ ਦਾ ਸਿਦਕ, ਸਿਰੜ, ਅਨੁਸ਼ਾਸਨ ਅਤੇ ਕੁਰਬਾਨੀ ਦੀ ਭਾਵਨਾ ਅੰਦੋਲਨ ਦੀ ਜ਼ਿੰਦ-ਜਾਨ ਹੈ।
ਗੁਰਭਿੰਦਰ ਸਿੰਘ ਕੋਕਰੀ ਕਲਾਂ ਨੇ ਕਿਹਾ ਸੰਘਰਸ਼ ਦੀ ਪ੍ਰਾਪਤੀ ਦੀ ਲੰਬੀ ਲੜੀ ਹੈ ਜਿਸ ਨੂੰ ਕਿਤਾਬਾਂ ਲੇਖਾਂ ਕਵਿਤਾਵਾਂ ਅਤੇ ਫ਼ਿਲਮਾਂ ਰਾਹੀਂ ਸਾਂਭਣ ਲਈ ਵੱਖ-ਵੱਖ ਹਿੱਸੇ ਸਰਗਰਮ ਹਨ। ਇਤਿਹਾਸ ਦੇ ਸਫ਼ਿਆਂ ਵਿੱਚ ਦਰਜ ਹੋਣ ਵਾਲਾ ਇਹ ਪਹਿਲਾ ਨਿਰੋਲ ਕਿਸਾਨੀ ਦੀ ਅਗਵਾਈ ਵਾਲਾ ਲੰਬਾ ਵਿਸ਼ਾਲ ਅਤੇ ਸ਼ਾਂਤਮਈ ਸੰਘਰਸ਼ ਨਿਵੇਕਲੀ ਪਛਾਣ ਬਣਨ ਜਾ ਰਿਹਾ ਹੈ।
ਅੱਜ ਦੀ ਸਟੇਜ ਤੋਂ ਜੱਜ ਸਿੰਘ ਗਹਿਲ, ਮਲਕੀਅਤ ਸਿੰਘ, ਬਲਵਿੰਦਰ ਸਿੰਘ ਘਨੌਰ ਜੱਟਾਂ, ਸਾਧੂ ਸਿੰਘ ਪੰਜੇਟਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਦਰਸ਼ਨ ਸਿੰਘ ਅਤੇ ਗੁਰਵਿੰਦਰ ਸਿੰਘ ਸਦਰਪੁਰ (ਪਟਿਆਲਾ) ਨੇ ਵੀ ਸੰਬੋਧਨ ਕੀਤਾ।