ਨਵੀਂ ਦਿੱਲੀ, 28 ਸਤੰਬਰ
ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਰੰਗਪੁਰੀ ਪਿੰਡ ਵਿੱਚ 46 ਸਾਲਾ ਵਿਅਕਤੀ ਅਤੇ ਉਸ ਦੀਆਂ ਚਾਰ ਧੀਆਂ ਦੀਆਂ ਲਾਸ਼ਾਂ ਕਿਰਾਏ ਦੇ ਘਰ ਵਿੱਚੋਂ ਬਰਾਮਦ ਹੋਈਆਂ ਹਨ। ਪੁਲੀਸ ਨੇ ਅੱਜ ਦੱਸਿਆ ਕਿ ਚਾਰ ਲੜਕੀਆਂ ਵਿੱਚੋਂ ਦੋ ਅਪਾਹਜ ਸਨ, ਜਦਕਿ ਗੁਆਂਢੀਆਂ ਨੇ ਦੱਸਿਆ ਕਿ ਚਾਰੇ ਲੜਕੀਆਂ ਅਪਾਹਜ ਸਨ। ਪੁਲੀਸ ਨੇ ਕਿਹਾ ਕਿ ਲਾਸ਼ਾਂ ਦੀ ਹਾਲਤ ਤੋਂ ਜਾਪਦਾ ਹੈ ਕਿ ਉਨ੍ਹਾਂ ਦੀ ਕਈ ਦਿਨ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਹੀਰਾਲਾਲ ਸ਼ਰਮਾ ਅਤੇ ਉਸ ਦੀਆਂ ਚਾਰ ਧੀਆਂ ਨੀਤੂ (26), ਨਿੱਕੀ (24), ਨੀਰੂ (23) ਅਤੇ ਨਿਧੀ (20) ਵਜੋਂ ਹੋਈ ਹੈ। ਹੀਰਾਲਾਲ ਵਸੰਤ ਕੁੰਜ ਸਥਿਤ ‘ਇੰਡੀਅਨ ਸਪਾਈਨਲ ਇੰਜਰੀ ਸੈਂਟਰ’ ਵਿੱਚ ਪਿਛਲੇ 28 ਸਾਲਾਂ ਤੋਂ ਕੰਮ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਲਾਸ਼ਾਂ ਸ਼ੁੱਕਰਵਾਰ ਦੁਪਹਿਰ ਨੂੰ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਹਾਲਾਂਕਿ, ਪੁਲੀਸ ਨੂੰ ਘਰ ਵਿੱਚੋਂ ਸਲਫਾਸ ਦੇ ਤਿੰਨ ਪੈਕੇਟ, ਪੰਜ ਗਲਾਸ ਅਤੇ ਸ਼ੱਕੀ ਤਰਲ ਪਦਾਰਥ ਨਾਲ ਇੱਕ ਚਮਚਾ ਵੀ ਮਿਲਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਡੀਸੀਪੀ (ਦੱਖਣੀ-ਪੱਛਮੀ) ਰੋਹਿਤ ਮੀਣਾ ਨੇ ਕਿਹਾ ਕਿ ਪੁਲੀਸ ਇਸ ਦਾਅਵੇ ਦੀ ਪੁਸ਼ਟੀ ਕਰ ਰਹੀ ਹੈ।
ਸਥਾਨਕ ਵਾਸੀਆਂ ਮੁਤਾਬਕ, ਉਸ ਦੀਆਂ ਲੜਕੀਆਂ ਕਦੇ-ਕਦਾਈਂ ਹੀ ਕਮਰੇ ਤੋਂ ਬਾਹਰ ਨਿਕਲਦੀਆਂ ਸਨ। ਗੁਆਂਢੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਖ਼ਰੀ ਵਾਰ ਵਿਅਕਤੀ ਅਤੇ ਉਸ ਦੀਆਂ ਲੜਕੀਆਂ ਨੂੰ 24 ਸਤੰਬਰ ਨੂੰ ਦੇਖਿਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਆਂਢੀਆਂ ਨੇ ਰੰਗਪੁਰੀ ਪਿੰਡ ਵਿੱਚ ਇੱਕ ਰਿਹਾਇਸ਼ੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਵਿੱਚ ਕਿਰਾਏ ਦੇ ਘਰ ’ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ ਜਿਸ ਮਗਰੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। -ਪੀਟੀਆਈ