ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਵਾਈਸ ਰੀਗਲ ਲਾਜ ਦੇ ਕਨਵੈਨਸ਼ਨ ਹਾਲ ਵਿੱਚ ‘ਸ਼ਾਮ-ਏ-ਗ਼ਜ਼ਲ-ਏਕ ਸਾਂਝ ਸੰਗੀਤ ਕੇ ਨਾਮ’ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗ਼ਜ਼ਲ ਗਾਇਕ ਕੁਮਾਰ ਵਿਸ਼ੂ ਸਣੇ ਹੋਰ ਗ਼ਜ਼ਲਕਾਰਾਂ ਦੀ ਭਰਵੀਂ ਸ਼ਮੂਲੀਅਤ ਰਹੀ| ਇਹ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਮਾਰੋਹ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਜੋਂ ਸੰਗੀਤ ਤੇ ਲਲਿਤ ਕਲਾ ਫੈਕਲਟੀ ਵੱਲੋਂ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਕੁਮਾਰ ਵਿਸ਼ੂ ਅਤੇ ਉਨ੍ਹਾਂ ਦੀ ਧੀ ਸਵਰਨਸ਼ੀ ਨੇ ਆਪਣੀ ਮਨਮੋਹਕ ਆਵਾਜ਼ ਨਾਲ ਦਰਸ਼ਕਾਂ ਨੂੰ ਕਾਫ਼ੀ ਦੇਰ ਤੱਕ ਕੀਲ ਕੇ ਰੱਖਿਆ। ਕੁਮਾਰ ਵਿਸ਼ੂ ਨੇ ਆਪਣੀਆਂ ਭਾਵੁਕ ਗ਼ਜ਼ਲਾਂ ਜਿਵੇਂ ‘ਦੀਵਾਰ ਓ ਦਰ ਸੇ ਆ ਕਰ ਛਾਈਆਂ ਬੋਲਤੀ ਹੈ, ਕੋਈ ਨਹੀਂ ਬੋਲਤਾ ਜਬ ਤਨਹਾਈਆਂ ਬੋਲਤੀ ਹੈ…’ ਆਦਿ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਦ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕੁਮਾਰ ਵਿਸ਼ੂ ਅਤੇ ਉਨ੍ਹਾਂ ਦੀ ਧੀ ਸਣੇ ਟੀਮ ਨੂੰ ਸ਼ਾਲ ਦੇ ਕੇ ਸਨਮਾਨਿਆ। ਇਸ ਮੌਕੇ ਬੋਲਦਿਆਂ ਗ਼ਜ਼ਲ ਗਾਇਕ ਨੇ ਕਿਹਾ ਕਿ ਅੱਜ ਕੁਝ ਘਬਰਾਹਟ ਵੀ ਹੋ ਰਹੀ ਹੈ ਕਿਉਂਕਿ ਜਿਸ ਯੁੱਗ ਨੂੰ ਤੁਸੀਂ ਦੇਖਿਆ ਹੈ ਅਤੇ ਉਸ ਦੌਰ ਵਿੱਚ ਤੁਹਾਨੂੰ ਸੁਣਨ ਵਾਲੇ ਤੁਹਾਡੇ ਸਭ ਤੋਂ ਵੱਡੇ ਆਲੋਚਕ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਤੇ ਉਹ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਸੰਗੀਤ ਤੇ ਲਲਿਤ ਕਲਾ ਵਿਭਾਗ ਦੇ ਵਿਦਿਆਰਥੀ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੁਮਾਰ ਵਿਸ਼ੂ ਨੇ ਮੁਸਕਰਾਹਟ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਬਹੁਤ ਮਹਿੰਗੀ ਹੋ ਗਈ ਹੈ। ਉਸ ਨੇ ਮੁਸਕਰਾਹਟ ’ਤੇ ਆਪਣਾ ਪਹਿਲਾ ਸ਼ੇਅਰ ਪੇਸ਼ ਕੀਤਾ। ਇਸ ਉਪਰੰਤ ਦੇਰ ਰਾਤ ਤੱਕ ਗ਼ਜ਼ਲਾਂ ਦਾ ਦੌਰ ਚੱਲਦਾ ਰਿਹਾ। ਉਨ੍ਹਾਂ ਨੇ ਬਚਪਨ ਬਾਰੇ ਆਪਣੀ ਗ਼ਜ਼ਲ ਪੇਸ਼ ਕੀਤੀ। ਕੁਮਾਰ ਵਿਸ਼ੂ ਦੇ ਨਾਲ ਉਨ੍ਹਾਂ ਦੀ ਧੀ ਸਵਰਨਸ਼ੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗ਼ਜ਼ਲਾਂ ਸੁਣਾਈਆਂ। ਉਨ੍ਹਾਂ ਪਹਿਲੀ ਗ਼ਜ਼ਲ ਮਹਿੰਦੀ ਹਸਨ ਦੀ ਗਾਈ।