ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਮਈ
ਇਥੇ ਬਹੁ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ ਦੇ ਇੱਕ ਦਿਨ ਬਾਅਦ ਇੱਥੋਂ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ’ਚ ਦੁਖੀ ਰਿਸ਼ਤੇਦਾਰ ਆਪਣੇ ਅਜ਼ੀਜ਼ਾਂ ਨੂੰ ਲੱਭਦੇ ਰਹੇ। ਇਥੇ ਵੱਡੀ ਗਿਣਤੀ ਲੋਕ ਚੁੱਪ-ਚਾਪ ਪ੍ਰਾਰਥਨਾ ਕਰਦੇ ਦੇਖੇ ਗਏ। ਇਸ ਦੌਰਾਨ ਦਿੱਲੀ ਪੁਲੀਸ ਨੇ ਹਸਪਤਾਲ ’ਚ ਲਾਸ਼ਾਂ ਦੀ ਸ਼ਨਾਖਤ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ਨਾਖਤ ’ਚ ਮਦਦ ਕਰਨ ਲਈ ਹਰ ਲਾਪਤਾ ਵਿਅਕਤੀ ਲਈ ਦੋ ਵਿਅਕਤੀਆਂ ਨੂੰ ਹਸਪਤਾਲ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਮਨੋਜ ਠਾਕੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੋਨੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਅੱਗ ਲੱਗਣ ਵੇਲੇ ਇਮਾਰਤ ’ਚ ਸੀ। ਉਸ ਨੇ ਦੱਸਿਆ ਕਿ ਸੋਨੀ ਨੇ ਉਸ ਨੂੰ ਅੱਗ ਲੱਗਣ ਬਾਰੇ ਦੱਸਦਿਆਂ ਫ਼ੋਨ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ। ਪਰਿਵਾਰਕ ਮੈਂਬਰ ਇਮਾਰਤ ’ਚ ਅੱਗ ਲੱਗਣ ਤੋਂ ਬਾਅਦ ਤੋਂ ਉਸ ਦੀ ਭਾਲ ਕਰ ਰਹੇ ਸਨ। ਇੱਕ ਹੋਰ ਔਰਤ ਆਪਣੀ ਵੱਡੀ ਧੀ ਪੂਜਾ ਦੀ ਭਾਲ ਕਰ ਰਹੀ ਸੀ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਸੀਸੀਟੀਵੀ ਕੈਮਰਾ ਪੈਕੇਜਿੰਗ ਯੂਨਿਟ ’ਚ ਵੀ ਕੰਮ ਕਰਦੀ ਹੈ, ਉਸ ਨੇ ਕਿਹਾ ਕਿ ਉਹ ਹੋਰ ਹਸਪਤਾਲਾਂ ’ਚ ਵੀ ਖੋਜ ਕਰ ਰਹੀ ਸੀ।
ਲਾਪਤਾ ਲੋਕਾਂ ’ਚ ਸ਼ਾਮਲ 21 ਸਾਲਾ ਮੋਨਿਕਾ ਨੇ ਪਿਛਲੇ ਮਹੀਨੇ ਤੋਂ ਕੰਪਨੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਭਰਾ ਅਜੀਤ ਨੇ ਦੱਸਿਆ ਕਿ ਉਸ ਨੂੰ ਵੀਰਵਾਰ ਨੂੰ ਪਹਿਲੀ ਤਨਖਾਹ ਮਿਲੀ ਸੀ। ਸ਼ਾਮ 7 ਵਜੇ ਤੱਕ ਘਰ ਵਾਪਸ ਨਾ ਆਉਣ ਤੋਂ ਬਾਅਦ ਮੋਨਿਕਾ ਦੀ ਭਾਲ ਸ਼ੁਰੂ ਕਰ ਦਿੱਤੀ। ਪੂਜਾ ਚਾਰ ਜਣਿਆਂ ਦੇ ਪਰਿਵਾਰ ਦੀ ਇਕਲੌਤੀ ਰੋਟੀ ਕਮਾਉਣ ਵਾਲੀ ਹੈ। ਇਕ ਹੋਰ ਵਿਅਕਤੀ ਨੇ ਕਿਹਾ ਕਿ ਉਸ ਦੀ ਮਾਸੀ ਲਾਪਤਾ ਹੈ।
ਇਮਾਰਤ ਦੇ ਇੱਕ ਦਫ਼ਤਰ ਵਿੱਚ ਕੰਮ ਕਰਦੇ ਅੰਕਿਤ ਨੇ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਦੂਜੀ ਮੰਜ਼ਿਲ ‘ਤੇ ਇੱਕ ਸੈਸ਼ਨ ਚੱਲ ਰਿਹਾ ਸੀ। ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਹ ਜ਼ਿੰਦਾ ਹੈ। ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਇੱਕ ਸੈਸ਼ਨ ਚੱਲ ਰਿਹਾ ਸੀ ਜਦੋਂ ਅੱਗ ਲੱਗੀ। ਉਨ੍ਹਾਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਕਿਸੇ ਤਰ੍ਹਾਂ ਬਚ ਨਿਕਲਣ ’ਚ ਕਾਮਯਾਬ ਰਹੇ।
ਸੰਜੇ ਗਾਂਧੀ ਹਸਪਤਾਲ ’ਚ ਲਾਪਤਾ ਵਿਅਕਤੀਆਂ ਦੇ ਰਿਸ਼ਤੇਦਾਰ ਆਪਣੇ ਅਜ਼ੀਜ਼ਾਂ ਨੂੰ ਲੱਭਣ ਲਈ ਪਹੁੰਚਦੇ ਰਹੇ। ਰਿਪੋਰਟ ਮੁਤਾਬਕ ਫਿਲਹਾਲ ਸਿਰਫ ਇਕ ਜ਼ਖਮੀ ਵਿਅਕਤੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਘਟਨਾ ਤੋਂ ਬਾਅਦ ਕੁੱਲ 14 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਬਾਕੀ 13 ਨੂੰ ਛੁੱਟੀ ਦੇ ਦਿੱਤੀ ਗਈ ਹੈ।