ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਨਵੰਬਰ
ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਦੀ ਪਲੇਠੀ ਬੈਠਕ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ਸਮੇਤ ਹੋਰ ਮੁੱਦਿਆਂ ਉਪਰ ਚਰਚਾ ਕੀਤੀ ਗਈ। ਅਕਾਦਮੀ ਦੇ ਉਪ ਚੇਅਰਮੈਨ ਤੇ ਸਾਬਕਾ ਮੰਤਰੀ ਹਰਸ਼ਰਨ ਸਿੰਘ ਬੱਲੀ ਨੇ ਬੈਠਕ ਮਗਰੋਂ ਦੱਸਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਤੇ ਪੰਜਾਬੀ ਅਧਿਆਪਕਾਂ ਦੀ ਭਰਤੀ ਵਰਗੇ ਮਸਲੇ ਦਿੱਲੀ ਸਰਕਾਰ ਨਾਲ ਵਿਚਾਰੇ ਜਾਣਗੇ ਅਤੇ ਇਨ੍ਹਾਂ ਨੂੰ ਪੂਰੇ ਕਰਵਾਉਣ ਲਈ ਕਵਾਇਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਮੈਂ ਪੰਜਾਬੀ, ਘਰ ਵੀ ਪੰਜਾਬੀ’ ਲਈ ਟੀਮ ਬਣਾ ਕੇ ਕੰਮ ਕੀਤਾ ਜਾਵੇਗਾ। ਨਵੇਂ ਮੈਂਬਰਾਂ ਤੋਂ ਸ੍ਰੀ ਬੱਲੀ ਨੇ ਸੁਝਾਅ ਲਏ ਤੇ ਅਗਲੇ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ। ਬੈਠਕ ਵਿੱਚ ਰਾਵੇਲ ਸਿੰਘ, ਕੰਚਨ ਭੂਪਲ, ਅਮਰਜੀਤ ਸਿੰਘ, ਹਰਦੀਪ ਸਿੰਘ, ਜਗਤਾਰ ਸਿੰਘ, ਤੇਜਿੰਦਰਪਾਲ ਸਿੰਘ ਨਲਵਾ ਤੇ ਅਕਾਦਮੀ ਦੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ। ਸ੍ਰੀ ਬੱਲੀ ਵੱਲੋਂ ਇਸ ਅਕਾਦਮੀ ਦੇ ਟੀਚੇ ਮੁਤਾਬਕ ਕਾਰਜਾਂ ਨੂੰ ਸੇਧ ਦੇਣ ਲਈ ਸਾਥੀ ਮੈਂਬਰਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ (ਉਪ ਮੁੱਖ ਮੰਤਰੀ) ਨਾਲ ਵੀ ਵਿਚਾਰ ਕੀਤੀ ਜਾਵੇਗੀ।