ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਦਿੱਲੀ ਕੈਂਟ ਥਾਣੇ ਦੀ ਪੁਲੀਸ ਵੱਲੋਂ ਪੰਜ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ ਤੇ 14 ਜ਼ਿੰਦਾ ਕਾਰਤੂਸਾਂ ਸਮੇਤ 20 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਉਨ੍ਹਾਂ ਵੱਲੋਂ ਥਾਂ-ਥਾਂ ਲੋਕਾਂ ਖਾਸ ਕਰਕੇ ਔਰਤਾਂ ਦੇ ਗਲਿਆਂ ਵਿੱਚੋਂ ਚੇਨੀਆਂ ਝਪਟਣ, ਮੋਬਾਈਲ ਖੋਹਣ ਦੀਆਂ ਵਾਰਦਾਤਾਂ ਵਿੱਚ ਸ਼ਮੂਲੀਅਤ ਮੰਨੀ ਗਈ ਹੈ। ਪੁਲੀਸ ਵੱਲੋਂ ਇਸ ਸਬੰਧੀ ਮੋਟਰਸਾਈਕਲ ਤੇ ਕਾਰ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ ਤੇ ਉਨ੍ਹਾਂ ਦੀ ਪਛਾਣ ਅਕਾਸ਼, ਪ੍ਰਮੋਦ, ਕਮਲ ਕਿਸ਼ੋਰ, ਵਿਜੈ ਤੇ ਰਵੀ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 21 ਤੋਂ 23 ਸਾਲਾਂ ਦਰਮਿਆਨ ਹੈ। ਇਨ੍ਹਾਂ ਨੂੰ ਧੌਲਾ ਕੂੰਆਂ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਜਿੱਥੇ ਉਹ ਵਾਰਦਾਤ ਕਰਨ ਲਈ ਸੁੰਨੀ ਥਾਂ ਪੁੱਜੇ ਸਨ। ਪੁਲੀਸ ਨਾਕਾ ਦੇਖ ਕੇ ਉਹ ਭੱਜਣ ਲੱਗੇ ਪਰ ਕਾਰ ਪੁਲੀਸ ਨੇ ਕਾਬੂ ਕਰ ਲਈ। -ਪੱਤਰ ਪ੍ਰੇਰਕ