ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਪੁਲੀਸ ਦੀ ਆਈਜੀਆਈ ਯੂਨਿਟ ਨੇ ਇੱਕ ਕੌਮਾਂਤਰੀ ਜਾਅਲੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਗੈਰ-ਕਾਨੂੰਨੀ ਗਤੀਵਿਧੀ ਰਾਹੀਂ ਕਮਾਏ ਪੈਸੇ ਨੂੰ ਵੱਖ-ਵੱਖ ਵੈੱਬ ਸੀਰੀਜ਼ ਦੇ ਨਿਰਮਾਣ ਵਿੱਚ ਲਗਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮਾਂ ਤੋਂ 300 ਤੋਂ ਵੱਧ ਭਾਰਤੀ ਪਾਸਪੋਰਟ ਤੇ ਵਿਦੇਸ਼ਾਂ ਦੇ 175 ਜਾਅਲੀ ਵੀਜ਼ੇ ਬਰਾਮਦ ਕੀਤੇ ਹਨ। ਡੀਸੀਪੀ (ਆਈਜੀਆਈ ਏਅਰਪੋਰਟ) ਤਨੂ ਸ਼ਰਮਾ ਨੇ ਕਿਹਾ ਕਿ ਮਾਸਟਰਮਾਈਂਡ ਜ਼ਾਕਿਰ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ 325 ਜਾਅਲੀ ਪਾਸਪੋਰਟ, 175 ਜਾਅਲੀ ਵੀਜ਼ੇ ਤੇ ਹੋਰ ਸਬੰਧਤ ਚੀਜ਼ਾਂ ਬਰਾਮਦ ਹੋਈਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਰੈਕੇਟ ਉਦੋਂ ਸਾਹਮਣੇ ਆਇਆ ਜਦੋਂ ਗੁਜਰਾਤ ਦੇ ਇੱਕ ਮੂਲ ਨਿਵਾਸੀ ਰਵੀ ਰਮੇਸ਼ਭਾਈ ਚੌਧਰੀ ਨੂੰ ਜਾਅਲੀ ਪਾਸਪੋਰਟ ਬਣਾਉਣ ਲਈ ਕੁਵੈਤ ਤੋਂ ਡਿਪੋਰਟ ਕਰ ਕੇਸ ਦਰਜ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਾਸਪੋਰਟ ਦਾ ਪ੍ਰਬੰਧ ਜ਼ਾਕਿਰ ਯੂਸਫ਼ ਸ਼ੇਖ ਤੇ ਮੁਸ਼ਤਾਕ ਉਰਫ਼ ਜਮੀਲ ਪਿਕਚਰਵਾਲਾ ਵਜੋਂ ਕੀਤੇ ਗਏ ਏਜੰਟਾਂ ਨੇ ਕੀਤਾ ਸੀ।
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਚੌਧਰੀ ਨੂੰ ਭਰੋਸਾ ਦਿੱਤਾ ਸੀ ਕਿ ਉਸ ਦੇ ਜਾਅਲੀ ਪਾਸਪੋਰਟ ਅਤੇ ਵੀਜ਼ੇ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ, ਪਰ ਉਸ ਨੂੰ 65 ਲੱਖ ਰੁਪਏ ਦੇਣੇ ਪੈਣਗੇ। ਉਸ ਨੇ 15 ਲੱਖ ਰੁਪਏ ਪੇਸ਼ਗੀ ਅਦਾ ਕਰ ਦਿੱਤੇ। ਚੌਧਰੀ ਤੋਂ ਪੁੱਛਗਿੱਛ ਦੌਰਾਨ ਪਿਕਚਰਵਾਲਾ ਨੂੰ ਸਭ ਤੋਂ ਪਹਿਲਾਂ ਕਾਬੂ ਕੀਤਾ ਗਿਆ ਸੀ। ਬਾਅਦ ਵਿਚ ਸ਼ੇਖ, ਇਮਤਿਆਜ਼ ਅਲੀ ਸ਼ੇਖ ਅਤੇ ਸੰਜੇ ਦੱਤਾਰਾਮ ਚਵਾਨ ਨੂੰ ਮੁੰਬਈ ਤੋਂ ਫੜ ਲਿਆ।