ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜੂਨ
ਦੱਖਣ-ਪੂਰਬੀ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿੱਚ ਸ਼ਾਹ ਮਸਜਿਦ, ਬਾਟਲਾ ਹਾਊਸ ਨੇੜੇ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਰੀਬ ਨੌਂ ਜਣੇ ਮਾਮੂਲੀ ਜ਼ਖ਼ਮੀ ਹੋ ਗਏ ਅਤੇ 20 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ। ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਸਵੇਰੇ 8.48 ਵਜੇ ਸ਼ਾਹ ਮਸਜਿਦ ਦੇ ਨੇੜੇ ਪੰਜ ਮੰਜ਼ਿਲਾ ਮਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਬਾਟਲਾ ਹਾਊਸ ਸਥਿਤ ਸ਼ਾਹ ਮਸਜਿਦ ਨੇੜੇ ਇਕ ਘਰ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚਾਰ ਮੋਟਰਸਾਈਕਲ, ਦੋ ਸਕੂਟਰ ਤੇ ਇੱਕ ਸਾਈਕਲ ਅੱਗ ਦੀ ਲਪੇਟ ਵਿੱਚ ਆ ਕੇ ਸਵਾਹ ਹੋ ਗਏ। ਸ੍ਰੀ ਗਰਗ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਮੌਕੇ ’ਤੇ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਇਸ ਪੰਜ ਮੰਜ਼ਿਲਾ ਇਮਾਰਤ ਵਿੱਚ ਲੱਗੇ ਹੋਏ ਮੀਟਰ ਬੋਰਡਾਂ ਨੂੰ ਅੱਗ ਲੱਗ ਗਈ ਸੀ। ਕੁਝ ਦੇਰ ਮਗਰੋਂ ਇਹ ਅੱਗ ਘਰ ਦੀ ਤੀਜੀ ਮੰਜ਼ਿਲ ਤੱਕ ਪਹੁੰਚ ਗਈ। ਇਸ ਦੌਰਾਨ 20 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।
ਮੰਡਾਵਲੀ ਥਾਣੇ ਦੇ ਰਿਕਾਰਡ ਰੂਮ ਨੂੰ ਅੱਗ ਲੱਗੀ
ਪੂਰਬੀ ਜ਼ਿਲ੍ਹੇ ਦੇ ਦਿੱਲੀ ਪੁਲੀਸ ਦੇ ਮੰਡਾਵਲੀ ਥਾਣੇ ਅੰਦਰ ਰਾਤ ਵੇਲੇ ਅੱਗ ਲੱਗ ਗਈ। ਇਸ ਕਾਰਨ ਥਾਣੇ ਦੇ ਰਿਕਾਰਡ ਰੂਮ ਅਤੇ ਅਸਲਾਖ਼ਾਨੇ ਨੂੰ ਨੁਕਸਾਨ ਪਹੁੰਚਿਆ। ਅੱਗ ਲੱਗਣ ਬਾਰੇ ਰਾਤ 10.20 ਵਜੇ ਦਿੱਲੀ ਫਾਇਰ ਸਰਵਿਸ ਨੂੰ ਸੂਚਨਾ ਦਿੱਤੀ ਗਈ। ਇਸ ਦੌਰਾਨ ਤੁਰੰਤ ਦੋ ਅੱਗ ਬੁਝਾਊ ਗੱਡੀਆਂ ਮੌਕੇ ਉੱਪਰ ਭੇਜੀਆਂ ਗਈਆਂ। ਇਸ ਦੌਰਾਨ ਅੱਗ ਵਧਣ ਕਾਰਨ ਹੋਰ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਸਖ਼ਤ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਅੱਗ ’ਤੇ ਕਾਬੂ ਪਾਉਣ ਲਈ ਵਿਭਾਗ ਵੱਲੋਂ 10 ਗੱਡੀਆਂ ਦੀ ਵਰਤੋਂ ਕੀਤੀ ਗਈ। ਇਸ ਘਟਨਾ ਵਿੱਚ ਦਸ ਦੇ ਕਰੀਬ ਮੋਟਰਸਾਈਕਲ, ਸਕੂਟਰ, ਸਾਈਕਲ ਤੇ ਹੋਰ ਪਲਾਸਟਿਕ ਦਾ ਸਾਮਾਨ ਸੜ ਗਿਆ। ਦਿੱਲੀ ਫਾਇਰ ਸਰਵਿਸ ਦੇ ਵਧੀਕ ਡਵਿਜ਼ਨਲ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਗ ਕਾਬੂ ਕਰ ਲਈ ਗਈ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਵੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾਵੇਗੀ।
ਦੱਖਣੀ ਦਿੱਲੀ ਡਿੱਪੂ ’ਚ ਡੀਟੀਸੀ ਦੀਆਂ ਤਿੰਨ ਬੱਸਾਂ ਨੂੰ ਅੱਗ ਲੱਗੀ
ਦੱਖਣੀ ਦਿੱਲੀ ਦੀ ਲੋਧੀ ਕਾਲੋਨੀ ਸਥਿਤ ਸੁਨਾਹਿਰੀਪੁਲਾ ਬੱਸ ਡਿੱਪੂ ’ਤੇ ਬੁੱਧਵਾਰ ਰਾਤ ਨੂੰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਤਿੰਨ ਬੱਸਾਂ ਨੂੰ ਸ਼ਾਰਟ-ਸਰਕਟ ਕਾਰਨ ਅੱਗ ਲੱਗ ਗਈ। ਰਾਤ 10 ਵਜੇ ਪੀਸੀਆਰ ਕਾਲ ਮਿਲਣ ਤੋਂ ਬਾਅਦ ਦੋ ਅੱਗ ਬੁਝਾਊੁ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਬੁਝਾਉਣ ਦੌਰਾਨ ਦਿੱਲੀ ਫਾਇਰ ਸਰਵਿਸ ਦੇ ਕਰਮਚਾਰੀ ਸੁਰੇਸ਼ ਅਤੇ ਵਰਿੰਦਰ ਸਿੰਘ ਨੂੰ ਇੱਕ ਟੋਏ ਵਿੱਚ ਡਿੱਗਣ ਕਾਰਨ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ। ਡੀਸੀਪੀ (ਦੱਖਣੀ) ਬੇਨੀਤਾ ਮੈਰੀ ਜੈਕਰ ਨੇ ਕਿਹਾ ਕਿ ਤਿੰਨ ਬੱਸਾਂ ਨੂੰ ਸੁਨਾਹਿਰੀਪੁਲਾ ਡਿੱਪੂ ’ਤੇ ਬੈਟਰੀ ਵਰਕਸ਼ਾਪ ’ਤੇ ਪਾਰਕ ਕਰਦੇ ਸਮੇਂ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਦੋ ਬੱਸਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ ਤੀਜੀ ਬੱਸ ਦਾ ਕੁਝ ਹਿੱਸਾ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਡੀਟੀਸੀ ਬੱਸਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਛੇ ਡੀਟੀਸੀ ਬੱਸਾਂ ਨੂੰ ਅੱਗ ਲੱਗ ਗਈ ਸੀ।