ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਸ਼ੁੱਕਰਵਾਰ ਦੁਪਹਿਰ ਨੂੰ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਦਿੱਲੀ ਚ ਮੀਂਹ ਦੌਰਾਨ ਜਲਥਲ ਤੇ ਟ੍ਰੈਫਿਕ ਜਾਮ ਆਮ ਗੱਲ ਬਣ ਗਈ ਹੈ। ਹੁਣ ਤੱਕ ਕਈ ਵਾਰ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਆਏ ਦਿਨ ਜਾਮ ਲੱਗ ਚੁੱਕੇ ਹਨ।
ਮੀਂਹ ਕਾਰਨ ਕੌਮੀ ਰਾਜਧਾਨੀ ਅਤੇ ਨੋਇਡਾ ਦੇ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਤੇ ਮੱਧ ਦਿੱਲੀ ਦੇ ਆਈਟੀਓ ਖੇਤਰ ਵਿੱਚ ਟ੍ਰੈਫਿਕ ਜਾਮ ਹੋ ਗਿਆ ਤੇ ਇਸ ਦਾ ਅਸਰ ਅਕਸ਼ਰਧਾਮ ਤੱਕ ਦੇਖਣ ਨੂੰ ਮਿਲਿਆ। ਜਿਸ ਕਾਰਨ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜੂਝਦੇ ਨਜ਼ਰ ਆਏ। ਮੀਂਹ ਕਾਰਨ ਪ੍ਰਗਤੀ ਮੈਦਾਨ ਨੇੜੇ ਇੰਟੀਗ੍ਰੇਟਿਡ ਟਰਾਂਜ਼ਿਟ ਕੋਰੀਡੋਰ ਵਿੱਚ ਵੀ ਪਾਣੀ ਭਰ ਗਿਆ ਜਿਸ ਨਾ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੌਨਸੂਨ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਆਪਣੀ ਨਿਰਧਾਰਤ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਪਹੁੰਚਿਆ, ਜਿਸ ਨਾਲ ਦਿੱਲੀ ਵਾਸੀਆਂ ਨੂੰ ਭਖਵੀਂ ਗਰਮੀ ਤੋਂ ਰਾਹਤ ਮਿਲੀ।
ਮੌਸਮ ਵਿਭਾਗ ਵੱਲੋਂ ਸ਼ਹਿਰ ਲਈ ‘ਔਰੇਂਜ’ ਅਲਰਟ ਵੀ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਵਿਗਿਆਨੀ ਸੋਮਾ ਸੇਨ ਨੇ ਕਿਹਾ ਕਿ ਮੌਨਸੂਨ ਇਸ ਸਮੇਂ ਪਿਛਲੇ ਚਾਰ ਤੋਂ ਪੰਜ ਦਿਨਾਂ ਤੋਂ ਆਪਣੀ ਤੇਜ਼ੀ ਨਾਲ ਅੱਗੇ ਵਧਣ ਦੇ ਨਾਲ ਸਰਗਰਮ ਹੈ।