ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਫਰਵਰੀ
ਕੇਂਦਰ ਸਰਕਾਰ ਦੀਆਂ ਹਦਾਇਤਾਂ ਉਪਰ ਅਮਲ ਕਰਦੇ ਹੋਏ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਸਿੰਘੂ ’ਤੇ ਦਿੱਲੀ-ਕਰਨਾਲ ਮਾਰਗ, ਟਿਕਰੀ ’ਤੇ ਦਿੱਲੀ-ਬਹਾਦਰਗੜ੍ਹ ਮਾਰਗ ਅਤੇ ਗਾਜ਼ੀਪੁਰ ਵਿੱਚ ਦਿੱਲੀ-ਹਾਪੁੜ ਮਾਰਗ ਨੂੰ ਕੰਡਿਆਲੀਆਂ ਤਾਰਾਂ ਵਾਲੇ ਬੈਰੀਕੇਡਾਂ ਨਾਲ ਰੋਕ ਰੱਖਿਆ ਹੈ ਕਿਉਂਕਿ ਕਿਸਾਨਾਂ ਨੇ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਇੱਥੇ 26 ਨਵੰਬਰ 2020 ਤੋਂ ਮੋਰਚੇ ਲਾਏ ਹੋਏ ਹਨ।
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਘੇਰਿਆ ਹੋਇਆ ਹੈ। ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਥੇ ਰੋਕਾਂ ਲਾ ਕੇ ਕੰਡਿਆਲੀਆਂ ਤਾਰਾਂ ਬੰਨ੍ਹ ਦਿੱਤੀਆਂ ਹਨ, ਨਾਲ ਹੀ ਸੜਕ ਵਿੱਚ ਤਿੱਖੇ ਕਿੱਲ ਵੀ ਗੱਡ ਦਿੱਤੇ। ਕਿਸਾਨਾਂ ਨੇ ਪੁਲੀਸ ਤੋਂ ਦੋ ਕਦਮ ਅੱਗੇ ਜਾ ਕੇ ਉੱਥੇ ਫੁੱਲ ਲਾ ਦਿੱਤੇ ਹਨ। ਕਿਸਾਨਾਂ ਦੇ ਇਸ ਹਾਂ-ਪੱਖੀ ਵਿਵਹਾਰ ਤੋਂ ਹਰ ਕੋਈ ਮੁਤਾਸਿਰ ਹੋਇਆ ਹੈ। ਇੱਕ ਪਾਸੇ ਪੁਲੀਸ ਤੇ ਸੱਤਾਧਾਰੀਆਂ ਦੀ ਧੱਕੇਸ਼ਾਹੀ ਅਤੇ ਦੂਜੇ ਕਿਸਾਨਾਂ ਵੱਲੋਂ ਇਸ ਘੜੀ ’ਚ ਵੀ ਸਹਿਜਪੁਣੇ ਨੂੰ ਅਪਣਾਈ ਰੱਖਿਆ ਹੋਇਆ ਹੈ। ਕਿਸਾਨਾਂ ਨੇ ਕੰਡਿਆਲੀਆਂ ਤਾਰਾਂ ਕੋਲ ਪੁੱਟੀ ਹੋਈ ਮਿੱਟੀ ਵਿੱਚ ਹੁਣ ਸਜਾਵਟੀ ਬੂਟੇ ਲਾ ਦਿੱਤੇ ਹਨ। ਇਨ੍ਹਾਂ ਪੌਦਿਆਂ ਵਿੱਚ ਗੈਂਦੇ, ਪਾਮ, ਚਮੇਲੀ ਸਮੇਤ ਹੋਰ ਸਜਾਵਟੀ ਬੂਟੇ ਲਾ ਕੇ ਹਰਿਆਵਲ ਨਾਲ ਆਪਣਾ ਪ੍ਰੇਮ ਜ਼ਾਹਰ ਕੀਤਾ ਹੈ। ਕੁੱਝ ਮੌਸਮੀ ਤੇ ਕੁੱਝ ਸਦਾਬਹਾਰ ਬੂਟੇ ਬੱਟਾਂ ਬਣਾ ਕੇ ਬੀਜੇ ਗਏ ਹਨ। ਕਿਸਾਨਾਂ ਨੇ ਕਿਹਾ ਕਿ ਪੁਲੀਸ ਰੋਕਾਂ ਲਾ ਕੇ ਸਾਡਾ ਆਉਣ-ਜਾਣ ਸੀਮਿਤ ਕਰ ਰਹੀ ਹੈ ਤੇ ਅਸੀਂ ਥਾਵਾਂ ਨੂੰ ਸੁੰਦਰ ਬਣਾਉਣ ਲਈ ਉੱਥੇ ਪੌਦੇ ਬੀਜ ਦਿੱਤੇ ਹਨ। ਹੁਣ ਰੋਜ਼ਾਨਾ ਕਿਸਾਨਾਂ ਵੱਲੋਂ ਬੀਜੇ ਬੂਟਿਆਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ। ਖਿੜੇ ਹੋਏ ਫੁੱਲ ਆਨੰਦ ਦੇ ਰਹੇ ਹਨ ਤੇ ਸੰਘਰਸ਼ ਵਿੱਚ ਹੋਰ ਦ੍ਰਿੜ ਹੋਣ ਦਾ ਸੁਨੇਹਾ ਵੀ।