ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨਿਤਿਨ ਤਿਆਗੀ ਵੀ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਹਾਲ ਹੀ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਮੁਅੱਤਲੀ ਦੇ ਹੁਕਮ ’ਚ ਕਿਹਾ ਸੀ ਕਿ ਨਿਤਿਨ ਤਿਆਗੀ ਲੋਕ ਸਭਾ ਚੋਣਾਂ 2024 ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ। ਮੁਅੱਤਲੀ ’ਤੇ ਨਿਤਿਨ ਤਿਆਗੀ ਨੇ ਕਿਹਾ, ‘‘ਅੱਜਕੱਲ੍ਹ ਪਾਰਟੀ ਦੇ ਅੰਦਰ ਸੱਚ ਬੋਲਣਾ ਵੀ ਪਾਰਟੀ ਵਿਰੋਧੀ ਗਤੀਵਿਧੀ ਬਣ ਗਿਆ ਹੈ।’’ ‘ਆਪ’ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਦੀ ਮੂਲ ਨੀਂਹ ਤਬਾਹ ਕਰਨੀ ਪਾਰਟੀ ਵਿਰੋਧੀ ਗਤੀਵਿਧੀ ਹੈ। ਲਕਸ਼ਮੀ ਨਗਰ ਦੇ ਸਾਬਕਾ ਵਿਧਾਇਕ ਨਿਤਿਨ ਤਿਆਗੀ ਨੇ ਐਕਸ ’ਤੇ ਇੱਕ ਵੀਡੀਓ ਪੋਸਟ ਕਰ ਕੇ ਦਿੱਲੀ ਵਿੱਚ ਲੋਕ ਸਭਾ ਚੋਣਾਂ ’ਚ ਮਿਲੀ ਵੱਡੀ ਹਾਰ ਲਈ ‘ਆਪ’ ਤੇ ਕੇਜਰੀਵਾਲ ਦੀ ਆਲੋਚਨਾ ਕੀਤੀ ਸੀ।