ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਫਿਰੌਤੀ ਗਰੋਹ ਦੇ ਚਾਰ ਨਿਸ਼ਾਨੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਸ਼ੂਟਰਾਂ ਨੇ ਮੁਖਰਜੀ ਨਗਰ ਸਥਿਤ ਸੁਨਿਆਰੇ ਦੇ ਸ਼ੋਅਰੂਮ ਦੇ ਮਾਲਕ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਫਿਰੌਤੀ ਦੇ ਪੈਸੇ ਨਹੀਂ ਦਿੱਤੇ ਤਾਂ ਸ਼ੂਟਰਾਂ ਨੇ ਸ਼ੋਅਰੂਮ ’ਤੇ ਗੋਲੀਆਂ ਚਲਾ ਦਿੱਤੀਆਂ। ਸਪੈਸ਼ਲ ਸੈੱਲ ਪੁਲੀਸ ਦੇ ਡਿਪਟੀ ਕਮਿਸ਼ਨਰ ਮਨੋਜ ਸੀ ਅਨੁਸਾਰ ਸ਼ੋਅਰੂਮ ਦੇ ਸੀਸੀਟੀਵੀ ਫੁਟੇਜ ਵਿੱਚ ਹੈਲਮੇਟ ਪਹਿਨੇ ਨੌਜਵਾਨ ਨੇ ਗਹਿਣਿਆਂ ਦੇ ਸ਼ੋਅਰੂਮ ਵਿੱਚ ਕਈ ਫਾਇਰ ਕੀਤੇ। ਸ਼ੱਕੀ ਨੇ ਇੱਕ ਪਰਚੀ ਵੀ ਸੁੱਟ ਦਿੱਤੀ, ਜਿਸ ਵਿੱਚ ਕਥਿਤ ਤੌਰ ’ਤੇ ਗੈਂਗਸਟਰ ਨੀਰਜ ਬਵਾਨਾ, ਨਵੀਨ ਬਾਲੀ, ਬੰਬੀਹਾ ਅਤੇ ਭੋਲਾ ਤੋਂ 1 ਕਰੋੜ ਰੁਪਏ ਦੀ ਸੁਰੱਖਿਆ ਰਾਸ਼ੀ ਦੀ ਮੰਗ ਕੀਤੀ ਗਈ ਸੀ। ਇੱਕ ਹੋਰ ਸੀਸੀਟੀਵੀ ਕਲਿੱਪ ਵਿੱਚ ਸ਼ੱਕੀ ਵਿਅਕਤੀ ਸਾਥੀ ਨਾਲ ਚਿੱਟੇ ਮੋਟਰਸਾਈਕਲ ’ਤੇ ਭੱਜਦਾ ਦੇਖਿਆ ਗਿਆ। ਮਗਰੋਂ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।