ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਇਥੇ ਸਾਈਮਨ ਬੋਲੀਵਰ ਮਾਰਗ ’ਤੇ ਦਿੱਲੀ ਦੇ ਚਾਣਕਿਆਪੁਰੀ ਨੇੜੇ ਇੱਕ ਨੀਲੀ ਬੀਐਮਡਬਲਿਊ ਅਤੇ ਇੱਕ ਚਿੱਟੀ ਕਰੇਟਾ ਕਾਰ ਵਿਚਕਾਰ ਟੱਕਰ ਹੋਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੇਖਿਆ ਕਿ ਦੋਵਾਂ ਗੱਡੀਆਂ ਦੀ ਟੱਕਰ ਕਾਰਨ ਗੱਡੀਆਂ ਨੁਕਸਾਨੀਆਂ ਗਈਆਂ। ਕਰੇਟਾ ਨੂੰ ਚਲਾਉਣ ਵਾਲੇ ਡਰਾਈਵਰ ਦੀ ਪਛਾਣ ਰਾਏ ਬਰੇਲੀ ਦੇ 21 ਸਾਲਾ ਅੰਕਿਤ ਵਜੋਂ ਹੋਈ ਅਤੇ ਕਾਰ ਦਾ ਮਾਲਕ ਚੰਦ ਕੁੱਬਾ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਬੀਐਮਡਬਲਿਊ ਨੂੰ 18 ਸਾਲਾਂ ਦਾ ਪੰਜਾਬੀ ਬਾਗ ਨਿਵਾਸੀ ਵਾਸੂ ਗਰਗ ਚਲਾ ਰਿਹਾ ਸੀ। ਉਸ ਨਾਲ 58 ਸਾਲਾ ਰਾਮ ਨਰੇਸ਼ ਵੀ ਗੱਡੀ ’ਚ ਸਵਾਰ ਸੀ। ਪੁਲੀਸ ਚਾਰਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਮੈਡੀਕਲ ਜਾਂਚ ਲਈ ਲੈ ਕੇ ਗਈ ਤੇ ਦੱਸਿਆ ਕਿ ਚਾਰਾਂ ਦੇ ਕੋਈ ਬਹੁਤੀ ਗੰਭੀਰ ਸੱਟਾਂ ਨਹੀਂ ਸੀ ਲੱਗੀਆਂ। ਪੁਲੀਸ ਨੇ ਅੰਕਿਤ ਦੇ ਬਿਆਨਾਂ ’ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਕੇ ਮੌਕੇ ਵਾਲੀ ਥਾਂ ਦਾ ਜਾਇਜ਼ਾ ਲਿਆ।