ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਪੁਲੀਸ ਨੇ ਜਾਅਲੀ ਵੀਜ਼ੇ ਬਣਾ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ ਸੂਬਾ ਪੱਧਰੀ ਕਬੱਡੀ ਖਿਡਾਰੀ ਤੇ ਇੱਕ ਗਾਇਕ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਰਿਆਣਾ ਦੇ ਸੂਬਾ ਪੱਧਰੀ ਕਬੱਡੀ ਖਿਡਾਰੀ ਅਮਿਤ ਕੁਮਾਰ, ਸਥਾਨਕ ਗਾਇਕ ਤੇ ਡਿਸਕ ਜੌਕੀ ਯੋਗੇਸ਼ ਕੁਮਾਰ ਅਤੇ ਮਰਚੈਂਟਸ ਨੇਵੀ ਵਿੱਚ ਸਾਬਕਾ ਮਲਾਹ ਵਰੁਨ ਚੌਹਾਨ ਤੇ ਅਮਨ ਕੁਮਾਰ ਨਾਮ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ। ਮੁਲਜ਼ਮ ਹਰਿਆਣਾ ਅਤੇ ਪੰਜਾਬ ਵਿੱਚ ਧੋਖੇ ਨਾਲ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਇਨ੍ਹਾਂ ਦੋਵਾਂ ਸੂਬਿਆਂ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਸਨ। ਪੁਲੀਸ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਮੀਗ੍ਰੇਸ਼ਨ ਅਧਿਕਾਰੀ ਸੁਰਿੰਦਰ ਸਿੰਘ ਤੰਵਰ ਨੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ 4 ਜੁਲਾਈ ਨੂੰ ਅਮਨ ਕੁਮਾਰ ਨਾਂ ਦੇ ਵਿਅਕਤੀ ਨੇ ਦੁਬਈ ਤੇ ਮੈਕਸੀਕੋ ਦੇ ਰਸਤੇ ਕੈਨੇਡਾ ਲਈ ਉਡਾਣ ਭਰਨੀ ਸੀ। ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਉਸ ਦਾ ਕੈਨੇਡਾ ਦਾ ਵੀਜ਼ਾ ਜਾਅਲੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡਿਪਟੀ ਕਮਿਸ਼ਨਰ (ਆਈਜੀਆਈ ਏਅਰਪੋਰਟ) ਤਨੂ ਸ਼ਰਮਾ ਨੇ ਦੱਸਿਆ ਕਿ ਉਸ ਨੇ ਆਪਣੇ ਏਜੰਟ ਅਮਿਤ ਅਤੇ ਯੋਗੇਸ਼ ਤੋਂ 20 ਲੱਖ ਰੁਪਏ ਵਿੱਚ ਜਾਅਲੀ ਵੀਜ਼ਾ ਲਿਆ ਸੀ। ਪੁਲੀਸ ਨੇ ਦੱਸਿਆ ਕਿ 18 ਅਗਸਤ ਨੂੰ ਮਾਸਟਰਮਾਈਂਡ ਵਰੁਨ ਚੌਹਾਨ ਨੂੰ ਕੋਲਕਾਤਾ ਹਵਾਈ ਅੱਡੇ ’ਤੇ ਰੋਕਿਆ ਗਿਆ, ਜਦੋਂ ਉਹ ਥਾਈਲੈਂਡ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਏਜੰਟਾਂ ਦੇ ਲੈਪਟਾਪ ਅਤੇ ਮੋਬਾਈਲ ਫੋਨ ਨੂੰ ਜਾਂਚ ਲਈ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਹੈ।