ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਕੌਮੀ ਰਾਜਧਾਨੀ ਵਿੱਚ ਨੌਕਰੀ ਦਿਵਾਉਣ ਦੇ ਨਾਮ ’ਤੇ ਫ਼ਰਜ਼ੀ ਆਯੂਸ਼ਮਾਨ ਭਾਰਤ ਯੋਜਨਾ ਸਕੀਮ ਦੀ ਵੈੱਬਸਾਈਟ ਚਲਾਉਣ ਅਤੇ ਹਜ਼ਾਰਾਂ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਉਮੇਸ਼ (37 ਸਾਲ), ਰਜਤ (33 ਸਾਲ), ਗੌਰਵ (26 ਸਾਲ) ਤੇ ਸੀਮਾ ਰਾਣੀ ਸ਼ਰਮਾ (33 ਸਾਲ) ਵੱਜਂ ਹੋਈ। ਉਹ ਨੌਕਰੀ ਦਿਵਾਉਣ ਦੇ ਇਵਜ਼ ਵਿੱਚ ਕਰੀਬ 300-500 ਰੁਪਏ ਲੈ ਗਏ ਤੇ 4200 ਤੋਂ ਵੱਧ ਲੋਕਾਂ ਨੂੰ ਮੂਰਖ ਬਣਾਇਆ।
ਪੁਲੀਸ ਨੂੰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਲੈਪਟਾਪ, ਚਾਰ ਮੋਬਾਈਲ ਫੋਨ ਤੇ ਏਟੀਐਮ ਕਾਰਡ ਬਰਾਮਦ ਹੋਏ ਹਨ। ਚਾਰੇ ਫਿਲਹਾਲ ਪੁਲੀਸ ਦੀ ਹਿਰਾਸਤ ਵਿੱਚ ਹਨ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਤੇ 26 ਮਈ ਨੂੰ ਦਿੱਲੀ ਪੁਲੀਸ ਦੇ ਸਾਈਬਰ ਕ੍ਰਾਈਮ ਯੂਨਿਟ ਵਿਖੇ ਰਾਸ਼ਟਰੀ ਸਿਹਤ ਅਥਾਰਟੀ, ਆਯੁਸ਼ਮਾਨ ਭਾਰਤ – ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਗਈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਐੱਨਐੱਚਏ ਨੂੰ ਇੱਕ ਕਥਿਤ ਫ਼ਰਜ਼ੀ ਸੰਸਥਾ ਬਾਰੇ ਲੋਕਾਂ ਤੋਂ ਸ਼ਿਕਾਇਤਾਂ ਮਿਲੀਆਂ ਰਹੀਆਂ ਸਨ। ਇਸ ਵੈੱਬਸਾਈਟ ਰਾਹੀਂ ਪ੍ਰਧਾਨ ਮੰਤਰੀ ਨਾਲ ਮਿਲਦੀ-ਜੁਲਦੀ ਸ਼ਬਦਾਵਲੀ ਵਾਲੀ ਵੈੱਬਸਾਈਟ ਦਾ ਪਤਾ ਲੱਗਾ ਸੀ। ਪੁਲੀਸ ਨੇ ਦੱਸਿਆ ਕਿ ਵੈੱਬਸਾਈਟ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ ਤੇ ਬਿਹਾਰ ਸਮੇਤ ਛੇ ਰਾਜਾਂ ਵਿੱਚ 5,116 ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਸੀ। ਪੁੱਛਗਿੱਛ ’ਚ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਯੁਸ਼ਮਾਨ ਯੋਜਨਾ ਦੇ ਨਾਮ ’ਤੇ ਲੋਕਾਂ ਨੂੰ ਧੋਖਾ ਦੇਣ ਦੀ ਸਾਜਿਸ਼ ਰਚੀ ਸੀ।