ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਨਵੰਬਰ
ਦਿੱਲੀ ਦੇ ਕੀਰਤੀ ਨਗਰ ਵਿੱਚ ਅੱਜ ਸਵੇਰੇ ਫਰਨੀਚਰ ਫੈਕਟਰੀ ਅਤੇ ਗੁਦਾਮ ਨੂੰ ਅੱਗ ਲੱਗ ਗਈ। ਇਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਅਤੁਲ ਰਾਏ (45) ਅਤੇ ਗਯਾ, ਬਿਹਾਰ ਦੇ ਨੰਦ ਕਿਸ਼ੋਰ ਦੂਬੇ (65) ਵਜੋਂ ਹੋਈ ਹੈ, ਜੋ ਮੌਕੇ ’ਤੇ ਹੀ ਮ੍ਰਿਤਕ ਪਾਏ ਗਏ।
ਕੀਰਤੀ ਨਗਰ, ਦਿੱਲੀ ਵਿੱਚ ਫਰਨੀਚਰ ਫੈਕਟਰੀ ਵਿੱਚ ਐਤਵਾਰ ਸਵੇਰੇ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਬਾਰੇ ਸੁਰੱਖਿਆ ਪ੍ਰੋਟੋਕੋਲ ਅਤੇ ਅੱਗ ਦੇ ਕਾਰਨਾਂ ਦੀ ਜਾਂਚ ਦਿੱਲੀ ਪੁਲੀਸ ਅਤੇ ਦਿੱਲੀ ਫਾਇਰ ਸਰਵਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 4:25 ਵਜੇ ਦੇ ਕਰੀਬ ਅੱਗ ਦੀ ਸੂਚਨਾ ਮਿਲੀ। ਰਿਪੋਰਟਾਂ ਤੋਂ ਸੰਕੇਤ ਮਿਲਿਆ ਕਿ 2/76, ਕੀਰਤੀ ਨਗਰ ਸਥਿਤ ਦੋ ਨਾਲ ਲੱਗਦੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਅੱਗ ਦੀਆਂ ਲਪਟਾਂ ਫੈਲ ਗਈਆਂ ਸਨ।
ਅੱਗ ’ਤੇ ਕਾਬੂ ਪਾਉਣ ਲਈ ਛੇ ਫਾਇਰ ਟੈਂਡਰ ਭੇਜੇ ਗਏ। ਅੱਗ ਤੇਜ਼ੀ ਨਾਲ ਫੈਲੀ ਕਿਉਂਕਿ ਅੰਦਰ ਤੇਜ਼ੀ ਨਾਲ ਅੱਗ ਫੜਨ ਵਾਲੀ ਗੂੰਦ, ਪਲਾਸਟਿਕ, ਮੋਮੀ ਕਾਗਜ਼ ਅਤੇ ਰੈਕਸੀਨ ਸਣੇ ਸੁੱਕੀ ਲੱਕੜ ਪਈ ਹੋਣ ਕਰਕੇ ਅੱਗ ਭਿਆਨਕ ਰੂਪ ਧਾਰ ਗਈ। ਮੌਕੇ ’ਤੇ ਪਹੁੰਚ ਕੇ ਅੱਗ ਬੁਝਾਊ ਅਮਲੇ ਨੇ ਇਮਾਰਤ ਦੀ ਪੂਰੀ ਤਲਾਸ਼ੀ ਲਈ। ਉਨ੍ਹਾਂ ਨੂੰ ਛੱਤ ’ਤੇ ਇਕ ਬੰਦ ਕਮਰਾ ਮਿਲਿਆ ਜਿਸ ਨੂੰ ਜ਼ਬਰਦਸਤੀ ਖੋਲ੍ਹਣਾ ਪਿਆ। ਅੰਦਰ ਉਨ੍ਹਾਂ ਨੂੰ ਦੋਵੇਂ ਆਦਮੀ ਮਿਲੇ ਜੋ ਧੂੰਏਂ ਨਾਲ ਦਮ ਘੁੱਟਣ ਕਰਕੇ ਮਾਰੇ ਗਏ। ਅਤੁਲ ਰਾਏ ਕਥਿਤ ਤੌਰ ’ਤੇ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਅਕਸਰ ਉੱਥੇ ਹੀ ਸੌਂਦਾ ਸੀ, ਜਦੋਂ ਕਿ ਨੰਦ ਕਿਸ਼ੋਰ ਦੂਬੇ ਇੱਕ ਰਿਕਸ਼ਾ ਚਾਲਕ ਵਜੋਂ ਕੰਮ ਕਰਦਾ ਸੀ।
ਪੁਲੀਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ
ਦਿੱਲੀ ਪੁਲੀਸ ਵੱਲੋਂ ਫਰਨੀਚਰ ਫੈਕਟਰੀ ਦੇ ਕਾਗਜ਼ ਫਰੋਲੇ ਜਾ ਰਹੇ ਸਨ ਅਤੇ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਵੱਲੋਂ ਫੈਕਟਰੀ ਵਿੱਚ ਜ਼ਰੂਰੀ ਮਨਜ਼ੂਰੀਆਂ ਲਏ ਜਾਣ ਬਾਬਤ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਸੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਕੀਰਤੀ ਨਗਰ ਦੀ ਫਰਨੀਚਰ ਮਾਰਕੀਟ ਵਿੱਚ ਮਹਿੰਗੇ ਸ਼ੋਅ ਰੂਮਾਂ ਅਤੇ ਵਰਕਸ਼ਾਪਾਂ ਵਿੱਚ ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪੁਲੀਸ ਇੱਥੇ ਆਏ ਸਾਲ ਲੱਗਣ ਵਾਲੀਆਂ ਅੱਗਾਂ ਬਾਰੇ ਵੀ ਬਰੀਕੀ ਨਾਲ ਜਾਂਚ ਕਰ ਰਹੀ ਹੈ।