ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਕੌਮੀ ਰਾਜਧਾਨੀ ‘ਚ ਅੱਜ ਸਵੇਰੇ ਹਵਾ ਦੀ ਗੁਣਵੱਤਾ ‘ਚ ਪਿਛਲੇ ਦਿਨ ਦੇ ਮੁਕਾਬਲੇ ਸੁਧਾਰ ਦਰਜ ਕੀਤਾ ਗਿਆ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਅਨੁਸਾਰ ਹਾਲਾਂਕਿ ਸਮੁੱਚੀ ਹਵਾ ਦੀ ਗੁਣਵੱਤਾ ਬਹੁਤ ‘ਮਾੜੀ ਸ਼੍ਰੇਣੀ’ ਵਿੱਚ ਹੈ, ਪਰ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 349 ਤੱਕ ਡਿੱਗ ਗਿਆ ਹੈ। ਦੀਵਾਲੀ ਤੋਂ ਅਗਲੇ ਦਿਨ ਮੰਗਲਵਾਰ ਦੁਪਹਿਰ ਨੂੰ ਏਕਿਊਆਈ 353 ਸੀ। ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਹੋਰ ਸੁਧਾਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਜੂਦਾ ਹਵਾਵਾਂ ਨਾਲ ਪ੍ਰਦੂਸ਼ਕਾਂ ਦੇ ਖਿੰਡਣ ਦੀ ਉਮੀਦ ਹੈ। ਮਾਹਿਰਾਂ ਨੂੰ ਇਹ ਵੀ ਉਮੀਦ ਕਿ ਆਉਣ ਵਾਲੇ ਘੰਟਿਆਂ ਵਿੱਚ ਦਿੱਲੀ ਵਿੱਚ ਹਵਾ ਦੀ ਰਫ਼ਤਾਰ ਵਧੇਗੀ ਜੋ ਸ਼ਹਿਰ ਤੋਂ ਪ੍ਰਦੂਸ਼ਕਾਂ ਨੂੰ ਦੂਰ ਲੈ ਜਾਵੇਗੀ। ਸਫਰ ਮੌਨੀਟਰਿੰਗ ਸਿਸਟਮ ਨੇ ਵੀਰਵਾਰ ਨੂੰ ਏਕਿਊਆਈ ਵਿੱਚ 336 ਤੱਕ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸਾਰੇ ਸਬ-ਜ਼ੋਨਾਂ ‘ਚ ਬੁੱਧਵਾਰ ਸਵੇਰੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਰਹੀ। ਪੂਸਾ ਵਿੱਚ ਏਕਿਊਆਈ 388 ਸੀ ਜਦੋਂ ਕਿ ਲੋਧੀ ਰੋਡ ਵਿੱਚ ਇਹ 346 ਦਰਜ ਕੀਤਾ ਗਿਆ ਸੀ। ਦਿੱਲੀ ਯੂਨੀਵਰਸਿਟੀ ਵਿੱਚ ਪ੍ਰਦੂਸ਼ਣ ਦਾ ਪੱਧਰ 324 ਰਿਹਾ ਜਦੋਂ ਕਿ ਏਅਰਪੋਰਟ ਖੇਤਰ ਦਾ ਸੂਚਕ ਅੰਕ 353 ਨੂੰ ਛੂਹ ਗਿਆ। ਮਥੁਰਾ ਰੋਡ ਅਤੇ ਆਈਆਈਟੀ ਦਿੱਲੀ ਨੇ ਕ੍ਰਮਵਾਰ 367 ਤੇ 341 ਉੱਤੇ ਏਕਿਊਆਈ ਮਾਪਿਆ ਗਿਆ। ਸ਼ਹਿਰ ਵਿੱਚ ਲਗਾਤਾਰ ਨੌਂ ਦਿਨਾਂ ਤੱਕ ‘ਖਰਾਬ’ ਹਵਾ ਦੀ ਗੁਣਵੱਤਾ ਦੇ ਬਾਅਦ ਮੰਗਲਵਾਰ ਨੂੰ ਇਹ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਖਿਸਕ ਗਈ। ਪਿਛਲੇ ਸਾਲ ਕੋਵਿਡ-ਸਬੰਧਤ ਪਾਬੰਦੀਆਂ ਦੇ ਬਾਵਜੂਦ, ਦਿੱਲੀ ਵਿੱਚ ਦੀਵਾਲੀ ਦੇ ਇੱਕ ਦਿਨ ਬਾਅਦ ਏਕਿਊਆਈ 462 ਨੂੰ ਛੂਹ ਗਿਆ ਸੀ। 2020 ਵਿੱਚ ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਏਕਿਊਆਈ 435 ਸੀ ਅਤੇ 2019 ਅਤੇ 2018 ਵਿੱਚ ਇਹ ਕ੍ਰਮਵਾਰ 367 ਅਤੇ 390 ਦਰਜ ਕੀਤਾ ਗਿਆ ਸੀ।