ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਵਿਰੋਧ ਦੇ ਚੱਕਰ ਵਿਚ ਦਿਮਾਗੀ ਤੌਰ ’ਤੇ ਇਸ ਤਰੀਕੇ ਉਲਝੇ ਹਨ ਕਿ ਆਪਣੀਆਂ ਹੀ ਪ੍ਰੈੱਸ ਕਾਨਫਰੰਸਾਂ ਵਿੱਚ ਦਿੱਤੇ ਆਪਣੇ ਪਿਛਲੇ ਬਿਆਨਾਂ ਨੂੰ ਭੁੱਲ ਗਏ ਹਨ। ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ ਸਰਵਜੀਤ ਸਿੰਘ ਵਿਰਕ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਨੇ ਕੱਲ੍ਹ ਆਪਣੀ ਪ੍ਰੈੱਸ ਕਾਨਫਰੰਸ ਵਿਚ ਇਕ ਪੱਤਰ ਪੇਸ਼ ਕਰ ਕੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਹੈ ਕਿ ਅਕਾਲੀ ਦਲ ਇਕ ਸਿਆਸੀ ਪਾਰਟੀ ਹੈ ਤੇ ਸਿਰਫ ਧਾਰਮਿਕ ਪਾਰਟੀ ਹੀ ਕਮੇਟੀ ਚੋਣਾਂ ਲੜ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਦੇਣ ਵੇਲੇ ਹਾਰ ਦੇ ਡਰੋਂ ਮਾਨਸਿਕ ਦਬਾਅ ਹੇਠ ਮਨਜੀਤ ਸਿੰਘ ਜੀਕੇ ਸ਼ਾਇਦ ਇਹ ਭੁੱਲ ਗਏ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੇ ਕਹਿਣ ’ਤੇ ਅਕਾਲੀ ਦਲ ਦੇ ਚੋਣਾਂ ਲੜਨ ’ਤੇ ਪਾਬੰਦੀ ਲਗਾਈ ਸੀ ਤਾਂ ਅਕਾਲੀ ਦਲ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ । ਇਸ ਪਟੀਸ਼ਨ ਦੀ ਸੁਣਵਾਈ ਵੇਲੇ ਅਦਾਲਤ ਨੇ ਹੀ ਦਿੱਲੀ ਸਰਕਾਰ ਤੇ ਅਕਾਲੀ ਦਲ ਦੇ ਵਿਰੋਧੀਆਂ ਨੂੰ ਝਾੜ ਪਾਈ ਸੀ ਤੇ ਅਕਾਲੀ ਦਲ ਨੂੰ ਚੋਣ ਨਿਸ਼ਾਨ ਬਾਲਟੀ ’ਤੇ ਚੋਣ ਲੜਨ ਦੀ ਪ੍ਰਵਾਨਗੀ ਦਿੱਤੀ ਸੀ। ਇਹ ਗੱਲ ਸ਼ਾਇਦ ਜੀਕੇ ਭੁੱਲ ਗਏ ਹਨ। ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਜਾ ਰਹੀ ਸੇਵਾ ਤੋਂ ਮਨਜੀਤ ਸਿੰਘ ਜੀਕੇ ਇੰਨੇ ਔਖੇ ਹਨ ਕਿ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਦੇ ਡਾਕਟਰਾਂ ਨੂੰ ਅਨਪੜ੍ਹ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਜੀਕੇ ਸ਼ਾਇਦ ਭੁੱਲ ਗਏ ਹਨ ਕਿ ਇਹ ਕਰੋਨਾ ਕੇਅਰ ਸੈਂਟਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਇਸ ਵਿਚ ਮੈਡੀਕਲ ਸਟਾਫ ਦਿੱਲੀ ਸਰਕਾਰ ਨੇ ਤਾਇਨਾਤ ਕੀਤਾ ਹੈ।