ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਬੇਸ਼ਰਮੀ ਨਾਲ ਗੁਰੂ ਘਰ ਦੀ ਗੋਲਕ ਦੀ ਕੀਤੀ ਕਥਿਤ ਲੁੱਟ ਨੇ ਸਿੱਖਾਂ ਨੂੰ ਦੁਨੀਆਂ ਭਰ ਵਿੱਚ ਸ਼ਰਮਸਾਰ ਕੀਤਾ ਹੈ।
ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਇਹ ਕੇਸ ਵੱਖ-ਵੱਖ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਖ਼ਜ਼ਾਨੇ ਵਿੱਚੋਂ 50 ਲੱਖ ਰੁਪਏ, 30 ਲੱਖ ਰੁਪਏ, 13 ਲੱਖ 65 ਹਜ਼ਾਰ ਰੁਪਏ ਅਤੇ ਹਜ਼ਾਰਾਂ ਡਾਲਰ ਦੀ ਵਿਦੇਸ਼ੀ ਕਰੰਸੀ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਦਭਾਗਾ ਹੈ ਕਿ ਸ੍ਰੀ ਜੀਕੇ ਨੇ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਟੰਗ ਕੇ ਸਿੱਖਾਂ ਵੱਲੋਂ ਗੁਰੂ ਘਰਾਂ ਵਿਚ ਭੇਟ ਕੀਤੀ ਆਪਣੀ ਦਸਾਂ ਨਹੁੰਆਂ ਦੀ ਕਮਾਈ ਦੀ ਕਥਿਤ ਅੰਨ੍ਹੀ ਲੁੱਟ ਕੀਤੀ।
ਸ੍ਰੀ ਸਿਰਸਾ ਨੇ ਦੱਸਿਆ ਕਿ ਵੀਰਵਾਰ ਨੂੰ ਜਿਥੇ ਮਨਜੀਤ ਸਿੰਘ ਜੀਕੇ ਖ਼ਿਲਾਫ਼ ਵਿਅਕਤੀਗਤ ਤੌਰ ’ਤੇ ਕੇਸ ਦਰਜ ਕੀਤਾ ਗਿਆ ਹੈ, ਉਥੇ ਹੀ ਪਿਛਲਾ ਦਰਜ ਹੋਇਆ ਕੇਸ ਵੀ ਉਹਨਾਂ ਦੇ ਹੀ ਵਿਰੁੱਧ ਹੈ ਕਿਉਂਕਿ ਇਹ ਕੇਸ ਸ੍ਰੀ ਜੀਕੇ ਦੀ ਅਗਵਾਈ ਵਾਲੀ ਗਵਰਨਿੰਗ ਬਾਡੀ ’ਤੇ ਦਰਜ ਹੋਇਆ ਹੈ। ਉਨ੍ਰਾਂ ਮਨਜੀਤ ਸਿੰਘ ਜੀਕੇ ਦਾ ਪਾਸਪੋਰਟ ਜ਼ਬਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਸਿੱਖ ਸੰਗਤ ਨੂੰ ਗੁਮਰਾਹ ਨਹੀਂ ਕਰ ਸਕਦੇ ਸਿਰਸਾ: ਪੀਤਮਪੁਰਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਕੇਸ ਦਰਜ ਹੋਣ ਦਾ ਸੱਚ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਹਾਲੇ ਵੀ ਸੁਪਨਿਆਂ ਵਿੱਚ ਘੁੰਮ ਰਹੇ ਹਨ। ਯੂਥ ਆਗੂ ਨੇ ਕਿਹਾ ਕਿ ਪੁਲੀਸ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਧਾਰਾ 420 ਤਹਿਤ ਧੋਖਾਧੜੀ ਦਾ ਕੇਸ ਦਰਜ ਹੋ ਚੁੱਕਾ ਹੈ। ਉਨ੍ਹਾਂ ਕਿਹਾ ਹੈ ਸਿਰਸਾ ਨੂੰ ਨੀਂਦ ’ਚੋਂ ਜਾਗ ਜਾਣਾ ਚਾਹੀਦਾ ਹੈ ਅਤੇ ਇਸ ਸੱਚ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸਿੱਖ ਸੰਗਤ ਨੂੰ ਨਜ਼ਰ ਆ ਚੁੱਕਾ ਹੈ ਤੇ ਹੁਣ ਕੋਈ ਵੀ ਉਨ੍ਹਾਂ ਦੀਆਂ ਗੱਲਾਂ ਨਾਲ ਗੁੰਮਰਾਹ ਹੋਣ ਵਾਲਾ ਨਹੀਂ। ਯੂਥ ਆਗੂ ਨੇ ਕਿਹਾ ਕਿ ਹੁਣ ਅਦਾਲਤ ਦੇ ਨਾਲ ਨਾਲ ਗੁਰੂ ਸਾਹਿਬ ਦੀ ਅਦਾਲਤ ਵਿੱਚ ਵੀ ਇਨ੍ਹਾਂ ਲੋਕਾਂ ਨੂੰ ਸਜ਼ਾਵਾਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਮਨਜੀਤ ਸਿੰਘ ਜੀਕੇ ਖ਼ਿਲਾਫ਼ ਦਰਜ ਹੋਏ ਮਾਮਲੇ ਬਾਰੇ ਚੁੱਪ ਵੱਟੀ ਹੋਈ ਹੈ।
ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ: ਜਾਗੋ ਪਾਰਟੀ
ਜਾਗੋ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਚਮਨ ਸਿੰਘ ਨੇ ਕਿਹਾ ਕਿ ਪਾਰਟੀ ਅਦਾਲਤੀ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵੇਗੀ ਤੇ ਬੀਤੇ ਦਿਨ ਜਾਰੀ ਹੋਏ ਹੁਕਮ ਮੁਤਾਬਕ ਦਸੰਬਰ 2020 ਦੇ ਅੱਧ ਤਕ ਪੁਲੀਸ ਨੇ ਜਾਂਚ ਕਰਕੇ ਰਿਪੋਰਟ ਅਦਾਲਤ ਨੂੰ ਦੇਣੀ ਹੈ। ਉਨ੍ਹਾਂ ਮਨਜਿੰਦਰ ਸਿੰਘ ਸਿਰਸਾ ਦੇ ਦੋਸ਼ਾਂ ਨੂੰ ਰੱਦ ਕੀਤਾ ਤੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਗ਼ਲਤ ਜਾਣਕਾਰੀ ਦੇ ਰਹੇ ਹਨ।