ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਵਿਡ-19 ਦੇ ਟਾਕਰੇ ਲਈ ਸ਼ੁਰੂ ਕੀਤੀਆਂ ਸੇਵਾਵਾਂ ਲਈ ਬਾਲੀਬੁੱਡ ਅਦਾਕਾਰ ਅਮਿਤਾਭ ਬੱਚਨ ਵੱਲੋਂ ਦਿੱਤੀ ਗਈ ਆਰਥਿਕ ਮਦਦ ਨੂੰ ਲੈ ਕੇ ਮਘੀ ਦੂਸ਼ਣਬਾਜ਼ੀ ਕਾਰਨ ਰਾਜਧਾਨੀ ਦੀ ਠੰਢੀ ਪਈ ਸਿੱਖ ਸਿਆਸਤ ਵਿੱਚ ਫਿਰ ਉਬਾਲ ਆ ਗਿਆ ਹੈ। ਦਿੱਲੀ ਕਮੇਟੀ ਤੋਂ ਕਥਿਤ ਗਬਨ ਦੇ ਦੋਸ਼ ਲਾ ਕੇ ਹਟਾਏ ਗਏ ‘ਜਾਗੋ’ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਆਉਂਦੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਮੇਟੀ ਪ੍ਰਬੰਧਕਾਂ ਦੀ ਸ਼ਿਕਾਇਤ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਅਮਿਤਾਭ ਬੱਚਨ ਨੇ 1984 ਸਿੱਖ ਕਤਲੇਆਮ ਨੂੰ ਆਪਣੇ ਜ਼ਹਿਰੀਲੇ ਨਾਅਰੇ ਨਾਲ ਹਵਾ ਦਿੱਤੀ ਸੀ, ਇਸ ਲਈ ਸਿੱਖਾਂ ਦੇ ਜਾਨ-ਮਾਲ ਦੇ ਕਥਿਤ ਦੁਸ਼ਮਣ ਤੋਂ ਗੁਰੂਘਰ ਦੀ ਸੇਵਾ ਲੈਣਾ ਪਾਪ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਪਿਤਾ ਵੱਲੋਂ ਆਪਣੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਹੋਣ ਦੇ ਸਬੂਤ ਵੀ ਦਿੱਤੇ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਤੱਥ ਦਿੱਲੀ ਦੀ ਸੰਗਤ ਅੱਗੇ ਰੱਖਣ ਲਈ ਤਿਆਰ ਹਨ ਤੇ ਮਨੁੱਖਤਾ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਉਧਰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਕੇਸਾਂ ਦੇ ਮਾਮਲੇ ਵਿਚ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਦੇ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਉਨ੍ਹਾਂ ਕਿਹਾ ਕਿ ਜੇਕਰ ਅਮਿਤਾਭ ਬੱਚਨ ਖ਼ਿਲਾਫ਼ ਕੋਈ ਅਜਿਹਾ ਮਾਮਲਾ ਸੀ ਤਾਂ ਫਿਰ ਕੀ ਇਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਕਾਰਵਾਈ ਕਰਦੇ?
ਉਨ੍ਹਾਂ ਨਾਲ ਇਹ ਚੁਣੌਤੀ ਵੀ ਦਿੱਤੀ ਹੈ ਕਿ ਜੇਕਰ ਇਹ ਆਗੂ ਸਬੂਤ ਦੇਣ ਤਾਂ ਫਿਰ ਅਕਾਲੀ ਦਲ ਤੇ ਦਿੱਲੀ ਕਮੇਟੀ ਆਪ ਨਿੱਜੀ ਤੌਰ ’ਤੇ ਅਮਿਤਾਭ ਬੱਚਨ ਖ਼ਿਲਾਫ਼ ਕੇਸ ਲੜਨਗੇ।
ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਤੋਂ ਪਹਿਲਾਂ ਜਿਹੜੇ ਲੋਕ ਕਮੇਟੀ ਸੰਭਾਲ ਰਹੇ ਸੀ, ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਕਮੇਟੀ ਕੋਲ 2 ਕਰੋੜ ਰੁਪਏ ਆ ਗਏ ਹਨ, ਜਦਕਿ ਪੁਰਾਣੇ ਪ੍ਰਬੰਧਕ ਪਹਿਲਾਂ ਇਹ ਪੈਸਾ ਆਪਣੇ ਘਰ ਲੈ ਜਾਂਦੇ ਸੀ। ਕਾਲਕਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮਨਜੀਤ ਸਿੰਘ ਜੀਕੇ ਨੇ 2009 ਵਿਚ ਆਉਣ ਤੋਂ ਪਹਿਲਾਂ ਕਦੇ ਵੀ 1984 ਦੇ ਸਿੱਖ ਕਤਲੇਆਮ ਦੀ ਗੱਲ ਨਹੀਂ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ ਤੇ ਮਨਜੀਤ ਸਿੰਘ ਔਲਖ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪਿਛਲੇ 37 ਸਾਲਾਂ ਦੌਰਾਨ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਅਮਿਤਾਭ ਬੱਚਨ ਬਾਰੇ ਦਿੱਤਾ ਗਿਆ ਇਕ ਵੀ ਬਿਆਨ ਸੰਗਤ ਸਾਹਮਣੇ ਰੱਖਣ।