ਮਨਧੀਰ ਦਿਓਲ
ਨਵੀਂ ਦਿੱਲੀ, 31 ਅਗਸਤ
ਕੌਮੀ ਰਾਜਧਾਨੀ ਦਿੱਲੀ ਵਿੱਚ ਭਲਕੇ ਪਹਿਲੀ ਸਤੰਬਰ ਤੋਂ ਸਰਕਾਰੀ ਠੇਕੇ ਖੁੱਲ੍ਹ ਜਾਣਗੇ, ਜੋ ਨਿੱਜੀ ਠੇਕਿਆਂ ਦੀ ਥਾਂ ਲੈ ਲੈਣਗੇ। ਨਿੱਜੀ ਠੇਕੇ ਅੱਜ ਰਾਤ ਦਸ ਵਜੇ ਬੰਦ ਹੋਏ। ਇਸ ਦੌਰਾਨ ਪਿਆਕੜਾਂ ਦੀ ਸਸਤੀ ਸ਼ਰਾਬ ਖ਼ਰੀਦਣ ਲਈ ਠੇਕਿਆਂ ’ਤੇ ਭੀੜ ਲੱਗੀ ਰਹੀ।
ਆਬਕਾਰੀ ਅਧਿਕਾਰੀਆਂ ਨੇ ਕਿਹਾ ਕਿ ਹੋਰ ਦੁਕਾਨਾਂ ਖੁੱਲ੍ਹਣ ਨਾਲ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼ਰਾਬ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ। ਇਸ ਸਮੇਂ ਇੱਥੇ ਲਗਪਗ 250 ਨਿੱਜੀ ਦੁਕਾਨਾਂ ਹਨ, ਜੋ 300 ਤੋਂ ਵੱਧ ਸਰਕਾਰੀ ਠੇਕਿਆਂ ਵਿੱਚ ਤਬਦੀਲ ਹੋ ਜਾਣਗੀਆਂ। ਇਸ ਲਈ ਇੱਥੇ ਹੋਰ ਦੁਕਾਨਾਂ ਹੋਣਗੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧੇਗੀ ਕਿਉਂਕਿ ਦਿੱਲੀ ਸਰਕਾਰ ਦੇ ਚਾਰ ਅਦਾਰਿਆਂ ਵੱਲੋਂ 500 ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ।
ਆਬਕਾਰੀ ਡਿਪਾਰਟਮੈਂਟ ਵੱਲੋਂ ਵਿਕਸਤ ਕੀਤੀ ਗਈ ਇੱਕ ਮੋਬਾਈਲ ਐਪ ਸਤੰਬਰ ਮਹੀਨੇ ਸ਼ੁਰੂ ਹੋ ਜਾਵੇਗੀ, ਜੋ ਖਪਤਕਾਰਾਂ ਨੂੰ ਉਨ੍ਹਾਂ ਦੇ ਗੁਆਂਢ ਵਿੱਚ ਸ਼ਰਾਬ ਦੇ ਸਟੋਰਾਂ ਦੀ ਸਥਿਤੀ ਅਤੇ ਦੁਕਾਨ ਦੇ ਸਮੇਂ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ। ਕਈ ਸਰਕਾਰੀ ਠੇਕੇ ਸ਼ਾਪਿੰਗ ਮਾਲਾਂ ਅਤੇ ਮੈਟਰੋ ਸਟੇਸ਼ਨਾਂ ਦੇ ਨੇੜੇ ਸਥਿਤ ਹੋਣਗੇ। ਅਧਿਕਾਰੀਆਂ ਅਨੁਸਾਰ, ਦਿੱਲੀ ਸਰਕਾਰ ਦੇ ਅਦਾਰਿਆਂ ਡੀ.ਟੀ.ਟੀ.ਡੀ.ਸੀ., ਡੀ.ਐਸ.ਐਸ.ਆਈ.ਡੀ.ਸੀ, ਡੀ.ਐਸ.ਸੀ.ਐਸ.ਸੀ ਅਤੇ ਡੀ.ਸੀ.ਸੀ.ਡਬਲਿਊ.ਐਸ ਨੂੰ ਇਸ ਸਾਲ ਦੇ ਅੰਤ ਤੱਕ ਸ਼ਹਿਰ ਵਿੱਚ 700 ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਟੀਚਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਤੋਂ ਦਿੱਲੀ ਸਰਕਾਰ ਦੇ 300 ਠੇਕੇ ਉਨ੍ਹਾਂ ਦੀ ਥਾਂ ਲੈਣਗੇ। ਇਸ ਵੇਲੇ ਸ਼ਹਿਰ ਵਿੱਚ 250 ਦੇ ਕਰੀਬ ਪ੍ਰਾਈਵੇਟ ਸ਼ਰਾਬ ਦੇ ਠੇਕੇ ਚੱਲ ਰਹੇ ਹਨ ਜੋ ਹੁਣ ਵਾਪਸ ਲਈ ਗਈ ਆਬਕਾਰੀ ਨੀਤੀ 2021-22 ਦੇ ਤਹਿਤ ਲਾਇਸੈਂਸਸ਼ੁਦਾ ਹਨ।