ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਵਿਦਿਆਰਥੀ ਫਰੈਂਚ ਭਾਸ਼ਾ ਸਿੱਖਣਗੇ। ਇਸ ਸਬੰਧੀ ਸਿੱਖਿਆ ਮੰਤਰੀ ਸਿਸੋਦੀਆ ਅਤੇ ਫਰਾਂਸ ਦੇ ਰਾਜਦੂਤ ਦੀ ਮੌਜੂਦਗੀ ਵਿੱਚ ਭਾਰਤ ਵਿੱਚ ਫਰੈਂਚ ਇੰਸਟੀਚਿਊਟ ਨਾਲ ਸਮਝੌਤਾ ਕੀਤਾ। ਦਿੱਲੀ ਸਕੂਲ ਸਿੱਖਿਆ ਬੋਰਡ (ਡੀ.ਬੀ.ਐੱਸ.ਈ.) ਦੀ ਇਸ ਸਾਂਝੇਦਾਰੀ ਦਾ ਉਦੇਸ਼ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਧਦੀ ਵਿਸ਼ਵੀਕਰਨ ਵਾਲੀ ਦੁਨੀਆ ਲਈ ਪੇਸ਼ੇਵਰ ਤੌਰ ’ਤੇ ਤਿਆਰ ਕਰਨਾ ਹੈ। ਇਸ ਮੌਕੇ ਸਿੱਖਿਆ ਸਕੱਤਰ ਤੇ ਡੀ.ਬੀ.ਐਸ.ਈ ਦੇ ਉਪ ਪ੍ਰਧਾਨ ਐਚ.ਰਾਜੇਸ਼ ਪ੍ਰਸਾਦ, ਫਰੈਂਚ ਇੰਸਟੀਚਿਊਟ ਇਨ ਇੰਡੀਆ ਦੇ ਕੰਟਰੀ ਡਾਇਰੈਕਟਰ ਇਮੈਨੁਅਲ ਲੇਬਰੂਨ ਡੈਮੀਅਨਜ਼, ਸਿੱਖਿਆ ਨਿਰਦੇਸ਼ਕ ਡੀ.ਬੀ.ਐਸ.ਈ ਹਿਮਾਂਸ਼ੂ ਗੁਪਤਾ, ਵਿਸ਼ੇਸ਼ ਸਿੱਖਿਆ ਸਕੱਤਰ ਸੀਅਰਵਿੰਦ, ਡੀਬੀਐੱਸਈ ਦੇ ਸੀਈਓਕੇਐੱਸ ਉਪਾਧਿਆਏ ਵੀ ਮੌਜੂਦ ਰਹੇ|