ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਟਿੱਕਰੀ ਬਾਰਡਰ ’ਤੇ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਮਹਿਲਾ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਕੌਟੜਾ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਮਹਾਮਾਰੀ ਦੀ ਆੜ ਹੇਠ ਸਾਮਰਾਜੀ ਪੱਖੀ ਨੀਤੀਆਂ ਕਿਸਾਨਾਂ ਅਤੇ ਕਿਰਤੀਆਂ ’ਤੇ ਥੋਪ ਕੇ ਕਾਰਪੋਰੇਟ ਘਰਾਣਿਆਂ ਨਾਲ ਗੂੜ੍ਹੀ ਯਾਰੀ ਪੁਗਾਉਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਿਹਨਤਕਸ਼ ਅਤੇ ਦਸਾਂ ਨਹੁੰਆਂ ਦੀ ਕਿਰਤ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਸੁਪਰ ਮੁਨਾਫਿਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਭਾਕਿਯੂ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਆਗੂ ਮਾਸਟਰ ਗੁਰਚਰਨ ਸਿੰਘ ਖੋਖਰ ਨੇ ਕਿਹਾ ਕਿ ਵਿਸ਼ਵ ਭਰ ਦਾ ਤਜਰਬਾ ਦੱਸਦਾ ਹੈ ਕਿ ਆਰਥਿਕ ਸੁਧਾਰਾਂ ਦੇ ਨਾਂ ਹੇਠ ਜਿਨ੍ਹਾਂ ਦੇਸ਼ਾਂ ਵਿੱਚ ਮੋਦੀ ਹਕੂਮਤ ਵਰਗੇ ਖੇਤੀ ਵਿਰੋਧੀ ਕਾਲੇ ਕਾਨੂੰਨ ਜਾ ਨਿੱਜੀਕਰਨ ਲਾਗੂ ਕੀਤਾ ਗਿਆ ਹੈ, ਉੱਥੇ ਖ਼ੁਦਕੁਸ਼ੀਆਂ ਦੀ ਦਰ ਦੁੱਗਣੀ ਹੋ ਗਈ, ਵੇਸ਼ਵਾਗਮਨੀ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਵਿੱਚ ਇੰਨਾ ਵਾਧਾ ਹੋਇਆ ਕਿ ਖਾਨਾਜੰਗੀ ਵਰਗੇ ਮਾਹੌਲ ਬਣ ਗਏ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਭਾਰਤ ਵਿੱਚ ਵੀ ਅਜਿਹਾ ਮਾਹੌਲ ਬਣ ਰਿਹਾ ਹੈ ਜਿਸ ਨੂੰ ਵਿਸ਼ਾਲ ਏਕਤਾ ਦੇ ਜ਼ੋਰ ’ਤੇ ਹੀ ਰੋਕਿਆ ਜਾ ਸਕਦਾ ਹੈ। ਇਕ ਹੋਰ ਆਗੂ ਰਣਜੀਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵਿੱਚ ਅਮੀਰੀ-ਗਰੀਬੀ ਦਾ ਪਾੜਾ ਬਹੁਤ ਹੀ ਜ਼ਿਆਦਾ ਹੋ ਗਿਆ ਹੈ ਅਤੇ ਜ਼ਮੀਨ ਦੀ ਕਾਣੀ ਵੰਡ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਸੌਂਪਣ ਦੀਆਂ ਨੀਤੀਆਂ ’ਤੇ ਸਰਕਾਰ ਚੱਲ ਰਹੀ ਹੈ। ‘ਦੇਸ਼ ਵਿੱਚ ਤਕੜਿਆਂ ਲਈ ਹੋਰ ਅਤੇ ਗਰੀਬਾਂ ਲਈ ਵੱਖਰਾ ਕਾਨੂੰਨ ਹੁੰਦਾ ਹੈ। ਇਸੇ ਬਰਾਬਰੀ ਲਈ ਭਗਤ, ਸਰਾਭੇ, ਬੱਬਰ ਅਕਾਲੀ, ਗ਼ਦਰੀ ਬਾਬੇ ਅਤੇ ਕੂਕਾ ਲਹਿਰ ਦੇ ਬਾਨੀਆਂ ਦੇ ਸੁਪਨਿਆਂ ਦਾ ਰਾਜ ਸਿਰਜਣ ਦੀ ਲੋੜ ਹੈ ਜੋ ਆਪਣੀਆਂ ਜਵਾਨੀਆਂ ਇਸ ਰਾਜ ਦੀ ਘਾਲਣਾ ਲਈ ਕੁਰਬਾਨ ਕਰ ਗਏ।’