ਕੁਲਦੀਪ ਸਿੰਘ
ਨਵੀਂ ਦਿੱਲੀ, 16 ਅਗਸਤ
ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਨਿਵਾਸ-ਅਸਥਾਨ, ਅੰਮ੍ਰਿਤਸਰ ਵੱਲੋਂ ‘ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਚੇਤੇ ਕਰਦਿਆਂ’ ਵਿਸ਼ੇ ’ਤੇ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਦੋਹਤੇ ਤੇ ਪੱਤਰਕਾਰ ਸੁਕੀਰਤ ਅਨੰਦ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨਾਲ ਜੇਐਨਯੂ ਤੋਂ ਪ੍ਰੋ. ਭਗਵਾਨ ਜੋਸ਼ ਨੇ ਗੱਲਬਾਤ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪ੍ਰੋ. ਪਰਮਿੰਦਰ ਸਿੰਘ ਨੇ ਇਸ ਦੀ ਪ੍ਰਧਾਨਗੀ ਕੀਤੀ। ਨਿਵਾਸ-ਅਸਥਾਨ ਦੇ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ ਨੇ ਮੰਚ ਸੰਚਾਲਨ ਕੀਤਾ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੇ ਉਦੇਸ਼ਾਂ ਨੂੰ ਸਾਹਮਣੇ ਰੱਖਦਿਆਂ ਸਭ ਨੂੰ ਜੀ-ਆਇਆਂ ਕਿਹਾ ਅਤੇ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਚਰਚਾ ਕੀਤੀ। ਡਾ. ਮਾਹਲ ਨੇ ਨਿਵਾਸ-ਅਸਥਾਨ ਨੂੰ ਅਜਿਹਾ ਕੇਂਦਰ ਬਣਾਉਣ ਦੀ ਗੱਲ ਦੁਹਰਾਈ ਜਿਥੋਂ ਸਾਹਿਤਕ-ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਰਹਿਣ।
ਪ੍ਰੋ. ਭਗਵਾਨ ਜੋਸ਼ ਨੇ ਚਰਚਾ ਸ਼ੁਰੂ ਕਰਦਿਆਂ ਸੁਕੀਰਤ ਤੋਂ ਉਨ੍ਹਾਂ ਦੇ ਨਾਨਾ ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਰਚਨਾਤਮਕਤਾ, ਸੋਚ-ਵਿਚਾਰਧਾਰਾ ਅਤੇ ਵਿਹਾਰਕਤਾ ਸਬੰਧੀ ਸੁਆਲ ਪੁੱਛੇ। ਸੁਕੀਰਤ ਅਨੁਸਾਰ ਨਾਨਾ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਉਹਨਾਂ ਨੂੰ ਬਾਕੀ ਬੱਚਿਆਂ ਦੇ ਮੁਕਾਬਲੇ ਭਾਵੇਂ ਘੱਟ ਸਨੇਹ ਮਿਲਿਆ ਹੋਵੇ ਪਰ ਸਾਹਿਤਕ ਸਨੇਹ ਬਹੁਤ ਮਿਲਿਆ। ਇਸ ਦੀ ਮਿਸਾਲ ਦਾਰ ਜੀ ਰਾਹੀਂ ਕੁਝ ਕਿਤਾਬਾਂ ਬਾਅਦ ਵਿਚ ਉਸ ਨੂੰ ਸਮਰਪਿਤ ਕਰਕੇ ਛਪਵਾਉਣਾ ਵੀ ਸੀ। ਸੁਕੀਰਤ ਅਨੁਸਾਰ ਗੁਰਬਖਸ਼ ਸਿੰਘ ਸਫਾਈ ਪਸੰਦ ਹੋਣ ਦੇ ਨਾਲ-ਨਾਲ ਸਿਹਤ ਪ੍ਰਤੀ ਬਹੁਤ ਚੇਤੰਨ ਸਨ।