ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਕਰੋਨਾ ਮਹਾਮਾਰੀ ਦੀ ਇਸ ਮੁਸ਼ਕਿਲ ਘੜੀ ’ਚ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਬੰਧਕਾਂ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਕਸੀਜਨ ਲੰਗਰ ਗੁਰਦੁਆਰਾ ਸਾਹਿਬ ’ਚ ਚਲਾਏ ਜਾ ਰਹੇ ਹਨ। ਗੁਰਦੁਆਰਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਬਲਦੀਪ ਸਿੰਘ ਰਾਜਾ ਸਮੇਤ ਕਮੇਟੀ ਦੇ ਸਾਰੇ ਅਹੁਦੇਦਾਰਾਂ ਅਤੇ ਸੰਗਤ ਦੇ ਕੁਝ ਲੋਕ ਦਿਨ ਰਾਤ ਯਤਨ ਕਰਕੇ ਆਕਸੀਜਨ ਦਾ ਪ੍ਰਬੰਧ ਦਿੱਲੀ ਅਤੇ ਦੂਜੇ ਰਾਜਾਂ ਤੋਂ ਕਰ ਕੇ ਲਿਆਉਂਦੇ ਹਨ, ਜਿਸ ਦੇ ਬਾਅਦ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਂਦੀ ਹੈ। ਹੁਣ ਤੱਕ 1300 ਤੋਂ 1500 ਲੋਕਾਂ ਨੂੰ ਆਕਸੀਜਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਚੁਕੀ ਹੈ। ਹਰਮਨਜੀਤ ਸਿੰਘ ਨੇ ਦੱਸਿਆ ਇਸ ਤੋਂ ਇਲਾਵਾ ਰੋਜ਼ਾਨਾ 250 ਤੋਂ 300 ਲੋਕਾਂ ਲਈ ਲੰਗਰ ਵੀ ਗੁਰਦੁਆਰਾ ਸਾਹਿਬ ਤੋਂ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਸਾਰੇ ਲੋਕ ਕਰੋਨਾ ਬਿਮਾਰੀ ਨਾਲ ਪੀੜਤ ਹਨ ਤੇ ਖਾਣਾ ਨਹੀਂ ਬਣਾ ਪਾ ਰਹੇ ਅਤੇ ਜ਼ਰੂਰਤਮੰਦ ਲੋਕ ਜਿਨ੍ਹਾਂ ਨੂੰ ਲੌਕਡਾਊਨ ਦੇ ਚੱਲਦੇ ਲੋੜ ਹੈ, ਉਨ੍ਹਾਂ ਲਈ ਲੰਗਰ ਰੋਜ਼ਾਨਾ ਬਣਾ ਕੇ ਭੇਜਿਆ ਜਾਂਦਾ ਹੈ।
ਹਰਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਕੁਝ ਲੋਕਾਂ ਨੇ ਆ ਕੇ ਆਪਣਾ ਹਾਲ ਬਿਆਨ ਕੀਤਾ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ ਅਤੇ ਉਨ੍ਹਾਂ ਆਪਣੀ ਟੀਮ ਨਾਲ ਮਿਲ ਕੇ ਰੋਜ਼ਾਨਾ ਇਹ ਸੇਵਾ ਜਾਰੀ ਰੱਖੀ ਹੋਈ ਹੈ ਅਤੇ ਅੱਗੇ ਵੀ ਜਦੋਂ ਤੱਕ ਲੋਕਾਂ ਨੂੰ ਇਸ ਦੀ ਲੋੜ ਹੋਵੇਗੀ ਤਦ ਤੱਕ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਤੋਂ ਲੋਕਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਰੋਨਾ ਬਿਮਾਰੀ ਤੋਂ ਬਚਾਓ ਲਈ ਜੋ ਦਵਾਈ ਬਾਜ਼ਾਰ ’ਚ ਲਗਭਗ 1200 ਦੇ ਆਸ-ਪਾਸ ਮਿਲਦੀ ਹੈ ਉਸ ਨੂੰ ਸਿਰਫ਼ 500 ਰੁਪਏ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ।