ਕੁਲਦੀਪ ਸਿੰਘ
ਨਵੀਂ ਦਿੱਲੀ, 30 ਦਸੰਬਰ
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਨਮੁੱਖ ਰੱਖਦੇ ਹੋਏ ਗੁਰਦੁਆਰਾ ਫਤਿਹਗੜ੍ਹ ਸਾਹਿਬ, ਸਰਹੰਦ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਵੱਲੋਂ ਬੱਚਿਆਂ ਨੂੰ ਆਪਣੇ ਗੌਰਵਸ਼ਾਲੀ ਵਿਰਸੇ ਨਾਲ ਜੋੜਨ ਦੀ ਨਿਵੇਕਲੀ ਪਹਿਲਕਦਮੀ ਕਰਦੇ ਹੋਏ ‘ਗੂਗਲ ਫਾਰਮ’ ਤੇ ਗੁਰਮਤਿ-ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰਸ਼ਨੋਤਰੀ ’ਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਬਾਬਾ ਬੰਦਾ ਸਿੰਘ ਨਾਲ ਸੰਬੰਧਤ 26 ਸਵਾਲ ਪੁੱਛੇ ਗਏ ਹਨ। ਦਿੱਲੀ ਦੇ ‘ਸਕੂਲ ਆਫ ਐਕਸੀਲੈਂਸ’ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਤਜਿੰਦਰ ਕੌਰ ਨੇ 52 ਅੰਕ ਹਾਸਲ ਕਰਕੇ ਗੁਰਮਤਿ-ਕੁਇਜ਼ ਵਿਚ ਅੱਵਲ ਰਹੀ ਤੇ ਸਰਵੋਦਿਆ ਵਿਦਿਆਲਾ ਸੈਕਟਰ 8 ਰੋਹਿਣੀ ਦੇ ਜਪਜੋਤ ਸਿੰਘ ਨੇ 48 ਅੰਕ ਹਾਸਲ ਕੀਤੇ। ਦੋਨੋਂ ਭੈਣ-ਭਰਾਵਾਂ ਨੇ ਗੁਰਮਤਿ ਮੁਕਾਬਲਿਆਂ ਵਿਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਇਨ੍ਹਾਂ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 5, ਰੋਹਿਣੀ ਦੇ ਮੁੱਖ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਸਨਮਾਨਿਤ ਕੀਤਾ। ਬੱਚਿਆਂ ਨੂੰ ਸਫ਼ਰ-ਏ-ਸ਼ਹਾਦਤ ਵੱਲੋਂ ਸਰਟੀਫ਼ਿਕੇਟ ਵੀ ਦਿੱਤੇ ਗਏ।