ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਭੇਜੇ ਅਸਤੀਫੇ ’ਚ ਕਈ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕਮੇਟੀ ਪ੍ਰਬੰਧ ’ਚ ਭ੍ਰਿਸ਼ਟਾਚਾਰ ਖਤਮ ਕਰਨ ਪ੍ਰਤੀ ਪ੍ਰਬੰਧਕਾਂ ਦੇ ਨਾ-ਪੱਖੀ ਰਵੱਈਏ ਤੋਂ ਮਹਿਸੂਸ ਹੋ ਰਿਹਾ ਹੈ ਕਿ ਜਿਸ ਕਾਰਜ ਤੇ ਮਕਸਦ ਨੂੰ ਲੈ ਕੇ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਏ ਸੀ ਉਹ ਮਕਸਦ ਪ੍ਰਬੰਧਕਾਂ ਦੇ ਨਾ-ਪੱਖੀ ਰਵੱਈਏ ਕਾਰਨ ਬਿਲਕੁਲ ਉਲਟ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤੇ ਭ੍ਰਿਸ਼ਟਾਚਾਰ ਖ਼ਿਲਾਫ਼ ਅਦਾਲਤ ’ਚ ਮੁਕੱਦਮਾ ਲੜ ਰਹੇ ਹਨ, ਜਿਸ ਨੂੰ ਅੰਜਾਮ ਤੱਕ ਪਹੁੰਚਾ ਕੇ ਹੀ ਦਮ ਲੈਣਗੇ। ਉਨ੍ਹਾਂ ਦੱਸਿਆ ਕਿ ਜੀਕੇ ਦੇ ਪੀਏ ’ਤੇ 50 ਅਤੇ 30 ਲੱਖ ਰੁਪਏ (ਕੁਲ 80 ਲੱਖ) ਗੋਲਕ ਵਿੱਚੋਂ ਕਢਵਾਉਣ ਦੇ ਦੋਸ਼ ਹਨ ਤੇ ਇਸੇ ਤਰ੍ਹਾਂ 13 ਲੱਖ 65 ਹਜ਼ਾਰ ਰੁਪਏ ਕਢਵਾਉਣ ਦਾ ਇਕ ਹੋਰ ਮਾਮਲਾ ਮਨਪ੍ਰੀਤ ਸਿੰਘ ਨਾਲ ਸਬੰਧਿਤ ਹੈ। ਦੋਵੇਂ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ ਤਾਂ ਫਿਰ 13 ਲੱਖ 65 ਹਜ਼ਾਰ ਵਾਲੇ ਮਾਮਲੇ ਉੱਤੇ ਪ੍ਰਬੰਧਕਾਂ ਨੇ ਲੀਕ ਕਿਉਂ ਫੇਰ ਦਿੱਤੀ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਅਸਤੀਫਾ ਦੇਣਾ ਇਸ ਲਈ ਵੀ ਜ਼ਰੂਰੀ ਹੋ ਗਿਆ ਸੀ ਕਿ ਗੋਲਕ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਉਨ੍ਹਾਂ ਨੇ 5 ਚਿੱਠੀਆਂ ਕਮੇਟੀ ਪ੍ਰਬੰਧਕਾਂ ਨੂੰ ਲਿਖੀਆਂ ਸੀ ਪਰ ਪ੍ਰਬੰਧਕਾਂ ਨੇ ਕਿਸੇ ਵੀ ਚਿੱਠੀ ਦਾ ਵੀ ਜਵਾਬ ਦੇਣਾ ਮੁਨਾਸਬਿ ਹੀ ਨਹੀਂ ਸਮਝਿਆ।
ਸ਼ੰਟੀ ਦੇ ਖੁਲਾਸਿਆਂ ’ਤੇ ‘ਜਾਗੋ’ ਦਾ ਪ੍ਰਤੀਕਰਮ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਅੱਜ ਮੀਡੀਆ ਸਾਹਮਣੇ ਕੀਤੇ ਗਏ ਨਵੇਂ ਖੁਲਾਸਿਆਂ ਉੱਤੇ ‘ਜਾਗੋ’ ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ‘ਜਾਗੋ’ ਦੇ ਦਿੱਲੀ ਪ੍ਰਦੇਸ਼ ਚਮਨ ਸਿੰਘ ਨੇ ਕਮੇਟੀ ਵੱਲੋਂ ਲੌਕਡਾਊਨ ਦੇ ਸਮੇਂ ਮੈਂਬਰ ਫ਼ੰਡ ਤੇ ਸੰਗਤ ਦੀ ਰਾਸ਼ਨ ਸਹਾਇਤਾ ਦੀ ਪਰਚੀ ਨੂੰ ਰੋਕ ਕੇ ‘ਲੰਗਰ ਆਨ ਵਹੀਲ’ ਚਾਲੂ ਕਰਨ ਦੇ ਮਾਮਲੇ ਉੱਤੇ ਸ਼ੰਟੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਸਮਰਥਨ ਕੀਤਾ ਹੈ। ਚਮਨ ਸਿੰਘ ਨੇ ਕਿਹਾ ਕਿ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਪੀਏ ਮਨਪ੍ਰੀਤ ਸਿੰਘ ਮੰਨੂ ਦੇ ਨਾਮ ਉੱਤੇ ਉਧਾਰ ਖੜ੍ਹੀ 13 ਲੱਖ 65 ਹਜ਼ਾਰ ਰੁਪਏ ਦੀ ਰਕਮ ਨੂੰ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਮਾਫ਼ ਕਰਨ ਦਾ ਸ਼ੰਟੀ ਵੱਲੋਂ ਕੀਤਾ ਗਿਆ ਦਾਅਵਾ ਬਹੁਤ ਹੈਰਾਨੀ ਭਰਿਆ ਹੈ। ਇੱਕ ਤਰਫ਼ ਕਮੇਟੀ ਦਾਅਵਾ ਕਰਦੀ ਹੈ ਕਿ ਇਹ ਰਕਮ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਲੈ ਗਏ ਹਨ ਤੇ ਕਮੇਟੀ ਆਪਣੇ 2 ਮੈਂਬਰਾਂ ਜਗਦੀਪ ਸਿੰਘ ਕਾਹਲੋਂ ਅਤੇ ਹਰਜੀਤ ਸਿੰਘ ਪੱਪਾ ਵੱਲੋਂ ਜੀਕੇ ਦੇ ਖ਼ਿਲਾਫ਼ ਪਟਿਆਲਾ ਹਾਊਸ ਕੋਰਟ ਵਿੱਚ ਕੇਸ ਪਾਉਂਦੀ ਹੈ। ਪਰ ਦੂਸਰੀ ਤਰਫ਼ ਉਸ ਰਕਮ ਨੂੰ ਕਮੇਟੀ ਦੇ ਖਾਤੇ ਵਿੱਚ ਮੰਨੂ ਦੇ ਨਾਮ ਤੋਂ ਹਟਾ ਦਿੰਦੀ ਹੈ। ਜੇਕਰ ਰਕਮ ਜੀਕੇ ਲੈ ਗਏ ਸਨ ਤਾਂ ਅੰਤ੍ਰਿੰਗ ਬੋਰਡ ਨੇ ਮੰਨੂ ਦੇ ਨਾਮ ਤੋਂ ਉਕਤ ਰਕਮ ਕਿਉਂ ਹਟਾਈ।