ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਪੁਰਾਣੇ ਇਲਾਕੇ ਚਾਂਦਨੀ ਚੌਕ ਵਿੱਚ ਹਨੂੰਮਾਨ ਮੰਦਰ ਨੂੰ ਤੋੜੇ ਜਾਣ ਦੇ ਮਾਮਲੇ ਸਬੰਧੀ ਭਾਜਪਾ ਤੇ ਆਮ ਆਦਮੀ ਪਾਰਟੀ ਉਲਝ ਗਈਆਂ ਹਨ ਤੇ ਦੋਨੋਂ ਇਕ ਦੂਜੇ ’ਤੇ ਦੋਸ਼ ਲਾ ਰਹੇ ਹਨ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਚਾਂਦਨੀ ਚੌਕ ਵਿਚ ਸਥਿਤ ਪੁਰਾਣੇ ਹਨੂੰਮਾਨ ਮੰਦਰ ਨੂੰ ਤੋੜੇ ਜਾਣ ’ਤੇ ਵੱਲੋਂ ਭਾਜਪਾ ਵੱਲੋਂ ‘ਆਪ’ ’ਤੇ ਲਗਾਏ ਜਾ ਰਹੇ ਝੂਠੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਸ਼ਾਸਤ ਐੱਮ.ਸੀ.ਡੀ ਡਿਪਟੀ ਕਮਿਸ਼ਨਰ ਨੇ ਅਦਾਲਤ ’ਚ ਇਕ ਹਲਫਨਾਮਾ ਦਾਖਲ ਕੀਤਾ ਤੇ ਕਿਹਾ ਗਿਆ ਸੀ ਕਿ ਤਿਉਹਾਰਾਂ ਕਾਰਨ ਹਨੂੰਮਾਨ ਮੰਦਰ ਨੂੰ ਨਹੀਂ ਤੋੜ ਸਕਦੇ ਪਰ ਹੁਣ ਉਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਸ ਨੇ ਅਦਾਲਤ ਨੂੰ ਮੰਦਰ ਤੋੜਨ ਦੀ ਤਰੀਕ ਵੀ ਦੱਸੀ। ਪਾਰਟੀ ਹੈੱਡਕੁਆਰਟਰ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਆਦੇਸ਼ ਗੁਪਤਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਦਾਲਤ ਵਿੱਚ ਦਾਇਰ ਹਲਫਨਾਮਾ ਡਿਪਟੀ ਕਮਿਸ਼ਨਰ ਦਾ ਹੈ ਜਾਂ ਨਹੀਂ। ਮਾਨੁਸ਼ੀ ਨਾਂ ਦੀ ਇਕ ਸੰਸਥਾ ਨੇ ਹਾਈਕੋਰਟ ਤੋਂ ਪ੍ਰਾਚੀਨ ਹਨੂੰਮਾਨ ਮੰਦਰ ਨੂੰ ਤੋੜਨ ਦੀ ਮੰਗ ਵੀ ਕੀਤੀ। ਇਸ ਸੰਸਥਾ ਨੂੰ ਚਲਾਉਣ ਵਾਲਿਆਂ ’ਚ ਸੰਜੇ ਭਾਰਗਵ, ਭਾਜਪਾ ਦੇ ਸਰਗਰਮ ਕਾਰਕੁਨ ਤੇ ਸੰਸਦ ਮੈਂਬਰ ਵਿਜੈ ਗੋਇਲ ਹਨ।
ਮੰਦਰ ਬਚਾ ਸਕਦੀ ਸੀ ਕੇਜਰੀਵਾਲ ਸਰਕਾਰ: ਆਦੇਸ਼ ਗੁਪਤਾ
ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਿੱਲੀ ਸਰਕਾਰ ਦੋਸ਼ੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਹਨੂੰਮਾਨ ਭਗਤ ਹੋਣ ਦੇ ਬਾਵਜੂਦ ਇਹ ਮੰਦਰ ਨੂੰ ਨਹੀਂ ਬਚਾ ਸਕੇ। ਉਨ੍ਹਾਂ ਮੰਦਰ ਨੂੰ ਉਸੇ ਥਾਂ ਮੁੜ ਬਣਾਉਣ ਦੀ ਮੰਗ ਕੀਤੀ ਤੇ ਦਿੱਲੀ ਸਰਕਾਰ ਦੀ ਧਾਰਮਿਕ ਕਮੇਟੀ ਵੱਲੋਂ ਮੰਦਰ ਬਚਾਉਣ ਲਈ ਕੋਈ ਠੋਸ ਪਹਿਲ ਨਾ ਕਰਨ ਦੀ ਜਾਂਚ ਮੰਗੀ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਕਮੇਟੀ ਅਦਾਲਤ ਵਿੱਚ ਜਾਂਦੀ ਤਾਂ ਮੰਦਰ ਬਚਾਇਆ ਜਾ ਸਕਦਾ ਸੀ।