ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਦਲ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਵਿੱਚ ਸ਼ਾਮਲ ਹੋ ਗਏ। ਉਹ ਦਿੱਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਾਮਜ਼ਦ ਮੈਂਬਰ ਵੀ ਰਹੇ ਹਨ। ਹਰਮਨਜੀਤ ਸਿੰਘ 40 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਹਨ। ਢੀਂਡਸਾ ਦੇ ਸਰਕਾਰੀ ਗ੍ਰਹਿ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਹਰਮਨਜੀਤ ਸਿੰਘ ਨੇ ਢੀਂਡਸਾ ਧੜੇ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਢੀਂਡਸਾ ਨੇ 5 ਮੈਂਬਰੀ ਤਾਲਮੇਲ ਕਮੇਟੀ ਬਣਾ ਕੇ ਦਿੱਲੀ ਅੰਦਰ ਬਾਦਲਾਂ ਨੂੰ ਟੱਕਰ ਦੇਣ ਦੀ ਰਣਨੀਤੀ ਬਣਾਉਣ ਦਾ ਕਾਰਜ ਸੌਂਪਿਆ। ਇਸ ਕਮੇਟੀ ਵਿੱਚ ਹਰਮਨਜੀਤ ਸਿੰਘ, ਹਰਿੰਦਰਪਾਲ ਸਿੰਘ, ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ (ਚਾਰੋਂ ਬਾਦਲ ਧੜੇ ਤੋਂ ਦਿੱਲੀ ਕਮੇਟੀ ਲਈ ਚੁਣੇ ਹੋਏ ਮੈਂਬਰ) ਤੇ ਹਰਪ੍ਰੀਤ ਸਿੰਘ ਬੰਨੀ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਢੀਂਡਸਾ ਨੇ ਕਿਹਾ ਕਿ ਇਹ ਕਮੇਟੀ ਪੰਥਕ ਸੋਚ ਬਾਰੇ ਲੋਕਾਂ ਨਾਲ ਸੰਪਰਕ ਕਰੇਗੀ ਤੇ ਡੈਮੋਕ੍ਰੈਟਿਕ ਦਲ ਦੇ ਹੋਰ ਵਿਸਥਾਰ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਸ੍ਰੀ ਹਰਮਨਜੀਤ ਸਿੰਘ ਦਾ ਸ਼ਹਿਰੀ ਸਿੱਖਾਂ ਵਿੱਚ ਆਧਾਰ ਹੈ ਤੇ ਉਹ ਬੀਤੇ ਦਿਨਾਂ ਤੋਂ ਦਿੱਲੀ ਕਮੇਟੀ ਦੇ ਆਗੂਆਂ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ।